ਮੰਡੀ ਅਰਨੀਵਾਲਾ, 4 ਮਈ (ਨਿਸ਼ਾਨ ਸਿੰਘ ਮੋਹਲ਼ਾ)-ਸੂਬੇ ਵਿਚ ਅੱਜ ਮੁੱਖ ਮੰਤਰੀ ਖੇਡ ਮੈਦਾਨ ਦੀ ਸ਼ੁਰੂਆਤ ਕੀਤੀ ਗਈ | ਇਸੇ ਤਰ੍ਹਾਂ ਹਲਕਾ ਜਲਾਲਾਬਾਦ ਦੇ ਪਿੰਡ ਪਾਕਾਂ ਵਿਚ ਵੀ ਕਰੀਬ 80 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਖੇਡ ਮੈਦਾਨ ਪਿੰਡ ਵਾਸੀਆਂ ਨੂੰ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਸਪੁਰਦ ਕੀਤਾ ਗਿਆ | ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਸ ਖੇਡ ਮੈਦਾਨ ਵਿਚ ਸਾਰੀਆਂ ਸਹੂਲਤਾਂ ਹਨ | ਜਿਨ੍ਹਾਂ ਵਿਚ ਲਾਈਟਿੰਗ, ਫੁੱਟ ਲਾਈਟਿੰਗ, ਚਾਰ ਦੀਵਾਰੀ, ਘਾਹ, ਟੋਇਲਟ, ਸਬਮਰਸੀਬਲ ਪੰਪ, ਪੀਣ ਯੋਗ ਪਾਣੀ, ਬੈਂਚ, ਤਿਆਰੀ ਰੂਮ ਆਦਿ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਇਸ ਉੱਤੇ ਕਰੀਬ 80 ਲੱਖ ਰੁਪਏ ਦਾ ਖ਼ਰਚ ਆਇਆ ਹੈ | ਪਿੰਡ ਵਾਸੀਆਂ ਨੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਧੰਨਵਾਦ ਕੀਤਾ | ਜਿਨ੍ਹਾਂ ਦੇ ਯਤਨਾਂ ਸਦਕਾ ਪਿੰਡ ਵਾਸੀਆਂ ਨੂੰ ਪੁਰਾਣੀ ਮੰਗ ਪੂਰੀ ਹੋਈ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿਚ ਖੇਡ ਮੈਦਾਨ ਨਾ ਹੋਣ ਕਰਕੇ ਪਿੰਡ ਦੇ ਨੌਜਵਾਨ ਖੇਡਾਂ ਤੋਂ ਦੂਰ ਹੋ ਰਹੇ ਸਨ ਅਤੇ ਗ਼ਲਤ ਸੰਗਤ ਵਿਚ ਪੈ ਰਹੇ ਸਨ | ਹੁਣ ਨੌਜਵਾਨ ਪੀੜੀ ਖੇਡਾਂ ਦੇ ਨਾਲ ਜੁੜੇਗੀ | ਇਸੇ ਤਰ੍ਹਾਂ ਕਬੱਡੀ ਦੇ ਸਟਾਰ ਖਿਡਾਰੀ ਸੋਨੀ ਪਾਕਾਂ ਨੇ ਕਿਹਾ ਕਿ ਉਹ ਪਿੰਡ ਵਿਚ ਖੇਡ ਮੈਦਾਨ ਦੀ ਘਾਟ ਕਰਕੇ ਦੂਜੇ ਪਿੰਡਾਂ ਦੇ ਖੇਡ ਮੈਦਾਨਾਂ ਵਿਚ ਖੇਡਦਾ ਰਿਹਾ ਹੈ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਿੰਡ ਵਿਚ ਖੇਡ ਮੈਦਾਨ ਹੁੰਦਾ ਤਾਂ ਉਹ ਹੋਰ ਵੀ ਆਪਣੀ ਖੇਡ ਨੂੰ ਚਮਕਾ ਸਕਦਾ ਸੀ | ਇਸ ਮੌਕੇ ਉਨ੍ਹਾਂ ਦੇ ਨਾਲ ਹੈਪੀ ਸੰਧੂ ਜੋੜਕੀ ਬਲਾਕ ਪ੍ਰਧਾਨ, ਬਲਦੇਵ ਰਾਜ ਝੋਟਿਆਂ ਵਾਲੀ, ਗੁਰਵੀਰ ਸਿੰਘ ਗੋਰਾ ਮੈਂਬਰ ਜ਼ਿਲ੍ਹਾ ਪਰਿਸ਼ਦ, ਗੁਰਵਿੰਦਰ ਸਿੰਘ ਗਿੰਦਾ, ਜਸਪਾਲ ਸਿੰਘ ਭੁੱਲਰ, ਡਾਕਟਰ ਰਣਬੀਰ ਸਿੰਘ ਬੱਬੂ, ਬਲਜੀਤ ਸਿੰਘ ਭੁੱਲਰ, ਕੇਵਲ ਕੰਬੋਜ, ਨੈਬ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਢਿੱਲੋਂ, ਬਲਰਾਜ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਪ੍ਰੀਤ ਲਿਖਾਰੀ, ਸੋਨੂੰ ਲੱਖੋਵਾਲੀ, ਸੋਨੀ ਗਿੱਲ, ਸੰਦੀਪ ਸਿੰਘ ਬਲਾਕ ਪ੍ਰਧਾਨ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |