ਖੰਨਾ, 4 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੀ ਸਿਆਸਤ ਵਿਚ ਅੱਜ ਉਸ ਵੇਲੇ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਨ ਵਾਲੇ ਅਤੇ 'ਹਰ ਮੈਦਾਨ ਫ਼ਤਿਹ' ਸੰਸਥਾ ਦੇ ਪ੍ਰਧਾਨ ਕਸ਼ਮੀਰਾ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ | ਉਨ੍ਹਾਂ ਨੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਅਗਵਾਈ ਹੇਠ ਪਾਰਟੀ 'ਚ ਸ਼ਮੂਲੀਅਤ ਕੀਤੀ | ਕਸ਼ਮੀਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਖੰਨਾ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਗੁਰਕੀਰਤ ਸਿੰਘ ਦੀ ਲੋਕ-ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ | ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਸ਼ਮੀਰਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਵਾਰਡ ਨੰਬਰ 1 ਤੇ ਪੂਰੇ ਖੰਨਾ ਹਲਕੇ ਵਿਚ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ | ਇਸ ਮੌਕੇ ਕਸ਼ਮੀਰਾ ਸਿੰਘ ਨੇ ਕਿਹਾ, ਮੇਰਾ ਮਕਸਦ ਸਿਰਫ਼ ਰਾਜਨੀਤੀ ਕਰਨਾ ਨਹੀਂ, ਸਗੋਂ 'ਹਰ ਮੈਦਾਨ ਫ਼ਤਿਹ' ਸੰਸਥਾ ਦੇ ਜ਼ਰੀਏ ਸਮਾਜ ਸੇਵਾ ਕਰਨਾ ਹੈ | ਹੁਣ ਕਾਂਗਰਸ ਪਾਰਟੀ ਦੇ ਪਲੇਟਫ਼ਾਰਮ ਤੋਂ ਅਸੀਂ ਸ਼ਹਿਰ ਦੀ ਨੁਹਾਰ ਬਦਲਣ ਅਤੇ ਵਾਤਾਵਰਨ ਨੂੰ ਸੰਭਾਲਣ ਲਈ ਹੋਰ ਵੀ ਦਿ੍ੜਤਾ ਨਾਲ ਕੰਮ ਕਰਾਂਗੇ | ਇਸ ਮੌਕੇ ਰਜਿੰਦਰ ਸਿੰਘ ਸੋਨੂ, ਮਨਦੀਪ ਸਿੰਘ, ਰਵਿੰਦਰ ਸਿੰਘ ਸੋਨੀ, ਗੁਰਮਨਪ੍ਰੀਤ ਸਿੰਘ, ਸੁਖਵਿੰਦਰ ਕੌਰ, ਹਰਿੰਦਰ ਕੌਰ, ਬਲਜਿੰਦਰ ਕੌਰ, ਉਮੇਸ਼ ਜੈਨ, ਪੁਖਰਾਜ ਸਿੰਘ, ਸਰਵੇਸ਼ ਕੁਮਾਰ ਆਦਿ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ |