ਅਬੋਹਰ, 5 ਮਈ (ਵਿਵੇਕ ਹੂੜੀਆ)-ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪਿੰਡ ਕੰਧਵਾਲਾ ਅਮਰਕੋਟ ਵਿਖੇ ਸਰਕਾਰੀ ਕਣਕ ਦੀ ਨਾਜਾਇਜ਼ ਤੁਲਾਈ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਮਾਰਕੀਟ ਕਮੇਟੀ ਅਬੋਹਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ ਸਰਕਾਰੀ ਬਾਰਦਾਨੇ 'ਚ ਭਰੀ ਕਣਕ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਅਬੋਹਰ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੰਧਵਾਲਾ ਅਮਰਕੋਟ ਵਿਖੇ ਸੱਜਣ ਕੁਮਾਰ ਨਾਮੀ ਵਿਅਕਤੀ ਦੇ ਘਰ ਵਿਚ ਸਰਕਾਰੀ ਕਣਕ ਦੀ ਤੁਲਾਈ ਕੀਤੀ ਜਾ ਰਹੀ ਹੈ | ਇਸ ਸੂਚਨਾ ਦੇ ਆਧਾਰ 'ਤੇ ਜਦੋਂ ਜਾਂਚ ਕੀਤੀ ਗਈ ਤਾਂ ਉੱਥੇ ਲਗਭਗ 250 ਬੋਰੀਆਂ ਕਣਕ, ਜੋ ਕਿ ਸਰਕਾਰੀ ਗੱਟਿਆਂ ਵਿਚ ਭਰੀ ਹੋਈ ਸੀ, ਮੌਕੇ ਤੋਂ ਬਰਾਮਦ ਹੋਈ | ਮੁਲਜ਼ਮ ਦੀ ਪਛਾਣ ਸੱਜਣ ਕੁਮਾਰ ਪੁੱਤਰ ਸੁਨਾਮ ਰਾਮ ਵਾਸੀ ਕੰਧਵਾਲਾ ਅਮਰਕੋਟ ਵਜੋਂ ਹੋਈ ਹੈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |