ਮੰਡੀ ਰੋੜਾਂਵਾਲੀ, 5 ਮਈ (ਮਨਜੀਤ ਸਿੰਘ ਬਰਾੜ)-ਬੀਤੀ ਰਾਤ ਇਸ ਹਲਕੇ 'ਚ ਆਏ ਭਾਰੀ ਤੂਫ਼ਾਨ ਅਤੇ ਮੀਂਹ ਕਾਰਨ ਲੋਕਾਂ ਦੇ ਘਰਾਂ 'ਚ ਖੜੇ, ਸੜਕਾਂ ਕਿਨਾਰੇ ਅਤੇ ਨਹਿਰਾਂ ਉੱਪਰ ਖੜੇ ਦਰੱਖ਼ਤ ਡਿਗ ਗਏ, ਜਿਸ ਨਾਲ ਕਾਫ਼ੀ ਜਗਾ 'ਤੇ ਦਰੱਖ਼ਤਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ | ਜਾਣਕਾਰੀ ਅਨੁਸਾਰ ਈਸਟਰਨ ਕੈਨਾਲ ਉੱਪਰ ਖੜੇ ਸਫ਼ੈਦਾ, ਟਾਹਲੀ ਅਤੇ ਕਿੱਕਰ ਦੇ ਦਰੱਖ਼ਤ ਡਿਗ ਗਏ | ਇਸੇ ਤਰ੍ਹਾਂ ਭਾਰੀ ਤੂਫ਼ਾਨ ਨਾਲ ਪਿੰਡ ਨੁਕੇਰੀਆਂ ਤੋਂ ਮਾਹੂਆਣਾ ਤੱਕ ਨਵੀਂ ਬਣੀ 18 ਫੁੱਟੀ ਸੜਕ ਕਿਨਾਰੇ ਖੜੇ ਨਿੰਮ, ਸਫ਼ੈਦਾ ਅਤੇ ਕਿੱਕਰ ਦੇ ਦਰੱਖ਼ਤ ਸੜਕ 'ਤੇ ਡਿਗ ਗਏ, ਜਿਸ ਨਾਲ ਪੂਰੀ ਸੜਕ ਬਲਾਕ ਹੋ ਗਈ, ਜਿੱਥੋਂ ਸਾਈਕਲ ਵੀ ਲੰਘਣਾ ਮੁਸ਼ਕਿਲ ਹੋ ਗਿਆ, ਜਿੱਥੋਂ ਦੀ ਸਵੇਰ ਸਮੇਂ ਗੁਜ਼ਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ | ਮਾਹੂਆਣਾ, ਨੂਰਪੁਰਾ, ਸ਼ਾਹਪੁਰਾ ਦੇ ਲੋਕਾਂ ਵਲੋਂ ਆਪਣੇ ਪੱਧਰ 'ਤੇ ਦਰੱਖ਼ਤਾਂ ਨੂੰ ਕੱਟ ਕੇ ਕਰੀਬ 10 ਵਜੇ ਸੜਕ ਨੂੰ ਚਲਾਇਆ ਗਿਆ | ਤੂਫ਼ਾਨ ਕਾਰਨ ਡਿੱਗੇ ਦਰੱਖ਼ਤਾਂ ਨਾਲ ਪਿੰਡ ਨੁਕੇਰੀਆਂ ਦੇ ਨਾਲ ਦੀ ਲੰਘਦੀ ਗੰਗ ਕੈਨਾਲ ਨਹਿਰ ਦੇ ਨਾਲ ਦੀ ਗੁਜ਼ਰਦੇ ਘਟਿਆਂ ਵਾਲੀ ਮਾਈਨਰ ਦੇ ਪਿੰਡ ਨੁਕੇਰੀਆਂ ਕੋਲੋਂ ਟੁੱਟ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ | ਜਿੱਥੇ ਝੋਨੇ ਵਾਲੀ ਜ਼ਮੀਨ ਹੋਣ ਕਾਰਨ ਨੁਕਸਾਨ ਹੋਣੋਂ ਭਾਵੇਂ ਬਚ ਗਿਆ ਹੈ ਪਰ ਕਈ ਏਕੜ ਵਿਚ ਪਾਣੀ ਭਰ ਗਿਆ ਹੈ |