ਮੰਡੀ ਰੋੜਾਂਵਾਲੀ, 5 ਮਈ (ਮਨਜੀਤ ਸਿੰਘ ਬਰਾੜ)- ਪੰਜਾਬ ਮੰਡੀ ਬੋਰਡ ਫ਼ਾਜ਼ਿਲਕਾ ਅਧੀਨ ਪੈਂਦੇ ਸਬ ਯਾਰਡ ਮੰਡੀ ਰੋੜਾਂਵਾਲੀ ਅਤੇ ਫੋਕਲ ਪੁਆਇੰਟ ਹਲੀਮ ਵਾਲਾ 'ਚ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਨਾਲ ਭਰੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਜਿੱਥੇ ਆੜ੍ਹਤੀ ਅਤੇ ਲੋਕ ਭਾਰੀ ਪ੍ਰੇਸ਼ਾਨ ਹਨ | ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਹਲੀਮ ਵਾਲਾ ਕਣਕ ਖ਼ਰੀਦ ਕਰਨ ਲਈ ਵੇਅਰ ਹਾਊਸ ਨੂੰ ਅਲਾਟ ਹੋਇਆ ਸੀ, ਜਿੱਥੇ ਇਸ ਵਕਤ ਕਰੀਬ ਇਕ ਲੱਖ ਗੱਟੇ ਤੋਂ ਉੱਪਰ ਲਿਫ਼ਟਿੰਗ ਹੋਣ ਲਈ ਪਿਆ ਹੈ ਅਤੇ ਸਬ ਯਾਰਡ ਮੰਡੀ ਰੋੜਾਂਵਾਲੀ ਐਫ. ਸੀ. ਆਈ ਅਤੇ ਪਨਗਰੇਨ ਨੰੂ ਕਣਕ ਖ਼ਰੀਦ ਲਈ ਅਲਾਟ ਹੋਇਆ ਸੀ, ਜਿੱਥੇ ਵੀ ਕਰੀਬ 70 ਹਜ਼ਾਰ ਗੱਟੇ ਦੇ ਕਰੀਬ ਲਿਫ਼ਟਿੰਗ ਹੋਣ ਵਾਲੀ ਪਈ ਹੈ | ਸਥਾਨਕ ਆੜ੍ਹਤੀਆਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ ਇਨ੍ਹਾਂ ਦੋਵਾਂ ਮੰਡੀਆਂ ਵਿਚ 15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਸਕੀ ਸੀ ਅਤੇ ਸਰਕਾਰ ਵਲੋਂ 30 ਅਪ੍ਰੈਲ ਤੋਂ ਖ਼ਰੀਦ ਬੰਦ ਕਰ ਦਿੱਤੀ ਗਈ ਹੈ | ਇੱਥੇ ਕਈ ਕਿਸਾਨਾਂ ਦੀ ਕਣਕ ਜਗ੍ਹਾ ਨਾ ਹੋਣ ਕਾਰਨ ਘਰਾਂ ਅੰਦਰ ਹੀ ਅਜੇ ਵਿਕਣ ਲਈ ਪਈ ਹੈ | ਉਧਰ ਲਿਫ਼ਟਿੰਗ ਨਾ ਹੋਣ ਕਾਰਨ ਸਮੂਹ ਆੜ੍ਹਤੀ ਭਾਰੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ ਆੜ੍ਹਤੀਆਂ ਨੂੰ ਬੋਰੀਆਂ ਦੀ ਰਾਖੀ ਲਈ ਵੱਖਰੇ ਤੌਰ ਦਿਨ ਰਾਤ ਲੇਬਰ ਰੱਖਣੀ ਪੈ ਰਹੀ ਹੈ | ਇਹ ਵੀ ਦੱਸ ਦੇਈਏ ਕਿ ਮੰਡੀ ਰੋੜਾਂਵਾਲੀ ਵਿਚ ਕਾਫ਼ੀ ਘਰਾਂ ਦੇ ਮੇਨ ਗੇਟ ਦਾਣਾ ਮੰਡੀ ਵਿਚ ਬਣੇ ਰੋਡ ਉੱਪਰ ਖੁੱਲ੍ਹਦੇ ਹਨ, ਜਿੱਥੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਲੋਕਾਂ ਅਤੇ ਸਥਾਨਕ ਆੜ੍ਹਤੀਆਂ ਦੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਮੇਤ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਕਣਕ ਦੀ ਜਲਦ ਲਿਫ਼ਟਿੰਗ ਕਰਵਾਈ ਜਾਵੇ |