ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਅਤੇ ਅਰਨੀਵਾਲਾ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ 3 ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਬਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਨਵਾਂ ਸਲੇਮਸ਼ਾਹ ਨੇੜੇ ਗਸ਼ਤ ਦੌਰਾਨ ਸੰਦੀਪ ਸਿੰਘ ਪੁੱਤਰ ਜੀਤ ਸਿੰਘ ਵਾਸੀ ਲਾਧੂਕਾ, ਮਿਰਜ਼ਾ ਪੁੱਤਰ ਬਾਸ ਖ਼ਾਨ ਅਤੇ ਜੋਗਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀਆਨ ਰਾਜਸਥਾਨ ਨੂੰ ਝਾੜੀਆਂ ਵਿਚ ਬੈਠ ਕੇ ਹੈਰੋਇਨ ਦਾ ਸੇਵਨ ਕਰਦਿਆਂ ਕਾਬੂ ਕੀਤਾ ਗਿਆ | ਮੌਕੇ ਤੋਂ 1 ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਸੜਿਆ ਨੋਟ ਬਰਾਮਦ ਕੀਤਾ ਗਿਆ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਮਨਦੀਪ ਕੰਬੋਜ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪੁਰਾਣੀ ਕਾਟਨ ਫ਼ੈਕਟਰੀ ਪਾਸ ਪੁੱਜੀ ਤਾਂ ਸੜਕ ਕਿਨਾਰੇ ਬੈਠਾ ਇਕ ਨੌਜਵਾਨ ਨਸ਼ਾ ਕਰਦਾ ਦਿਖਾਈ ਦਿੱਤਾ | ਪੁਲਿਸ ਨੇ ਜਗਦੀਸ਼ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਲਖੇ ਕੇ ਉਤਾੜ ਨੂੰ ਕਾਬੂ ਕਰਕੇ ਉਸ ਕੋਲੋਂ 1 ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਸੜਿਆ ਹੋਇਆ ਨੋਟ ਬਰਾਮਦ ਕੀਤਾ ਹੈ | ਫੜੇ ਗਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |