ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਸੀ.ਆਈ.ਐਸ.ਸੀ.ਈ.ਵਲੋਂ ਲਿਟਲ ਫਲਾਵਰ ਕਾਨਵੈਂਟ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ ਜ਼ੋਨਲ ਪੱਧਰੀ ਸਕੇਟਿੰਗ ਪ੍ਰਤੀਯੋਗਤਾ ਵਿਚ ਜੀਨੀਅਸ ਕਾਨਵੈਂਟ ਸਕੂਲ ਕਟੈਹੜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੁਕਾਬਲੇ ਵਿਚ ਕੁੱਲ 8 ਸਕੂਲਾਂ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਹਿੱਸਾ ਲਿਆ, ਜਿੱਥੇ ਜੀਨੀਅਸ ਸਕੂਲ ਦੇ ਵਿਦਿਆਰਥੀਆਂ ਦੀ ਖੇਡ ਚਰਚਾ ਦਾ ਵਿਸ਼ਾ ਰਹੀ | ਸਕੂਲ ਦੇ 8 ਵਿਦਿਆਰਥੀਆਂ ਰੁਮੋਰਥ, ਅਵਨੂਰ, ਮਨਮੀਤ, ਪੂਜਾ, ਰੂਹਾਨੀ, ਯੁਵਰਾਜ, ਵਿਕਾਸ ਅਤੇ ਵਿਕਰਾਂਤ ਨੇ ਅੰਡਰ-11 ਅਤੇ ਅੰਡਰ-14 ਵਰਗ ਵਿਚ ਆਪਣੀ ਤਕਨੀਕ, ਗਤੀ ਅਤੇ ਸੰਤੁਲਨ ਦਾ ਬਿਹਤਰੀਨ ਮੁਜ਼ਾਹਰਾ ਕੀਤਾ | ਵਿਦਿਆਰਥੀਆਂ ਦੇ ਇਸ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਨੇ ਜੱਜਾਂ ਅਤੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਕਵਿਤਾ ਸਪੜਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਬੱਚਿਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਜਿੱਤ-ਹਾਰ ਨਾਲੋਂ ਮੈਦਾਨ ਵਿਚ ਉੱਤਰਨਾ ਅਤੇ ਅਨੁਭਵ ਹਾਸਲ ਕਰਨਾ ਜ਼ਿਆਦਾ ਮਹੱਤਵਪੂਰਨ ਹੈ | ਮੈਨੇਜਿੰਗ ਡਾਇਰੈਕਟਰ ਰਾਘਵ ਸਪੜਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਬੱਚਿਆਂ ਵਿਚ ਧੀਰਜ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ ਅਤੇ ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਲਈ ਹਰ ਸੰਭਵ ਸਹਿਯੋਗ ਦਿੰਦਾ ਰਹੇਗਾ |