ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸੂਬੇ ਭਰ ਵਿਚ ਸੰਗਠਨ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਪਿੰਡ-ਪਿੰਡ ਜਾ ਕੇ ਵਰਕਰਾਂ ਅਤੇ ਆਮ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ | ਇਸ ਦੇ ਨਾਲ ਉਹ ਦੇਸ਼ ਦੇ ਬਣੇ ਵਰਤਮਾਨ ਸਿਆਸੀ ਹਲਾਤਾਂ ਬਾਰੇ ਜਾਣਕਾਰੀ ਦਿੰਦੇ ਹਨ | ਸ੍ਰੀ ਜੋਸਨ ਨੇ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਅੰਦਰ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਅੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ ਦੇਸ਼ ਦੇ ਹਿਤਾਂ ਨੂੰ ਕੁਰਬਾਨ ਨਹੀਂ ਹੋਣ ਦਿੱਤਾ | ਆਜ਼ਾਦੀ ਸੰਗਰਾਮ ਵਿਚ ਕਾਂਗਰਸ ਦੇ ਆਗੂਆਂ ਨੇ ਮੁੱਢਲੀ ਕਤਾਰ ਵਿਚ ਆ ਕੇ ਸ਼ਹੀਦੀਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਵੀ ਜਦ ਵੀ ਦੇਸ਼ 'ਤੇ ਭੀੜ ਪਈ ਤਾਂ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਦੇਸ਼ ਦੀ ਰਾਖੀ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਵੱਡੇ ਪ੍ਰੋਜੈਕਟ ਭਾਖੜਾ ਡੈਮ, ਬਠਿੰਡਾ ਦਾ ਗੁਰੂ ਨਾਨਕ ਤਾਪ ਬਿਜਲੀ ਘਰ, ਰੇਲਵੇ ਕੋਚ ਫ਼ੈਕਟਰੀ, ਬਠਿੰਡਾ ਵਿਖੇ ਖਾਦ ਫ਼ੈਕਟਰੀ ਆਦਿ ਕਾਂਗਰਸ ਪਾਰਟੀ ਦੀ ਦੇਣ ਹਨ | ਉਨ੍ਹਾਂ ਕਿਹਾ ਕਿ ਅਜੋਕੇ ਸਿਆਸੀ ਹਲਾਤਾਂ ਅੰਦਰ ਪੰਜਾਬ ਨੂੰ ਉਜਾੜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਦੇ ਹੁਕਮਰਾਨ ਪੰਜਾਬ 'ਤੇ ਮਾੜੀ ਅੱਖ ਰੱਖ ਕੇ ਬੈਠੇ ਹਨ | ਕਦੇ ਪੰਜਾਬ ਯੂਨੀਵਰਸਿਟੀ 'ਤੇ ਕਬਜ਼ਾ, ਭਾਖੜਾ ਡੈਮ ਨੂੰ ਕੇਂਦਰ ਅਧੀਨ ਲੈਣਾ, ਪਾਣੀਆਂ ਦੇ ਮਾਮਲੇ ਅੰਦਰ ਪੰਜਾਬ ਨਾਲ ਮਤਰੇਆ ਸਲੂਕ ਕਰਨਾ, ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਾ ਦੇਣੀ, ਕਿਸਾਨੀ ਮੰਗਾਂ ਨੂੰ ਪਾਸਾ ਵਟਣਾ ਇਹ ਸਭ ਕੇਂਦਰ ਸਰਕਾਰ ਪੰਜਾਬ ਵਿਰੋਧੀ ਫ਼ੈਸਲੇ ਲੈ ਕੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪਤਾ ਨਹੀਂ ਨਵੇਂ ਰਲੇ ਭਾਜਪਾਈ ਕਿਸ ਤਰ੍ਹਾਂ ਸੋਹਲੇ ਗਾ ਰਹੇ ਹਨ | ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਭ ਤੋਂ ਹੁਣ ਤੱਕ ਦੀ ਨਿਕੰਮੀ ਸਰਕਾਰ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿਕਲ ਚੁੱਕਿਆ ਹੈ | ਸੂਬੇ ਦਾ ਹਰ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਇਸ ਮੌਕੇ ਰਮਨ ਸਿੰਘ ਸੰਘਾ, ਹਰਪਾਲ ਸਿੰਘ, ਸਮਿੰਦਰ ਸਿੰਘ ਸੰਘਾ, ਗੁਰਸੇਵਕ ਸਿੰਘ, ਤੇਜ਼ ਸਿੰਘ, ਮਨਦੀਪ ਸਿੰਘ ਸੰਘਾ, ਹਰਪਾਲ ਸਿੰਘ ਭੁੱਲਰ, ਵਿਜੇ ਨਾਗਪਾਲ, ਚੰਦ ਸਿੰਘ ਆਦਿ ਉਨ੍ਹਾਂ ਦੇ ਨਾਲ ਸਨ |