ਮੰਡੀ ਅਰਨੀਵਾਲਾ, 6 ਮਈ (ਨਿਸ਼ਾਨ ਸਿੰਘ ਮੋਹਲਾ)- ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਅੱਜ ਅਰਨੀਵਾਲਾ 'ਚ ਏਸ਼ੀਆ ਦੀ ਪਹਿਲੀ ਜ਼ਾਮਨ ਮੰਡੀ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਨੇ ਦੱਸਿਆ ਕਿ ਇਹ ਪੰਜਾਬ ਵਿਚ ਪਹਿਲੀ ਜ਼ਾਮਨ, ਦਾਣਾ, ਸਬਜ਼ੀ ਅਤੇ ਕਾਟਨ ਮੰਡੀ ਹੈ | ਜਿਸ ਦਾ ਨਾਂਅ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੇ ਨਾਂਅ 'ਤੇ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ 'ਤੇ 10.98 ਕਰੋੜ ਦਾ ਖਰਚਾ ਆਵੇਗਾ | ਉਨ੍ਹਾਂ ਕਿਹਾ ਕਿ ਇੱਥੇ ਜ਼ਾਮਨ ਮੰਡੀ ਸ਼ੁਰੂ ਹੋਣ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ | ਦਿੱਲੀ ਤੱਕ ਦੇ ਵਪਾਰੀ ਇੱਥੋਂ ਜ਼ਾਮਨ ਦੀ ਖ਼ਰੀਦ ਕਰ ਸਕਣਗੇ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਉਨ੍ਹਾਂ ਵਲੋਂ ਇੱਥੇ ਹੋਰ ਪ੍ਰੋਸੈਸਿੰਗ ਪਲਾਂਟ ਲਿਆਉਣ ਦੇ ਲਈ ਕੇਂਦਰ ਤੱਕ ਵੀ ਪਹਿਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਕੋਈ ਇੰਡਸਟਰੀ ਲੱਗਦੀ ਹੈ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ | ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਕਈ ਪ੍ਰੋਜੈਕਟ ਕੇਂਦਰ ਸਰਕਾਰ ਦੀ ਭਾਈਵਾਲੀ ਨਾਲ ਲੱਗਦੇ ਹਨ | ਉਨ੍ਹਾਂ ਵਲੋਂ ਇਹ ਵੀ ਯਤਨ ਕੀਤਾ ਜਾਵੇਗਾ ਕਿ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਕੋਈ ਸਾਂਝਾ ਪ੍ਰੋਜੈਕਟ ਇੱਥੇ ਲਿਆ ਕੇ ਲਗਾਇਆ ਜਾਵੇ ਤਾਂ ਜੋ ਇਲਾਕੇ ਦਾ ਵਿਕਾਸ ਹੋ ਸਕੇ | ਇਸ ਮੌਕੇ ਬਾਬਾ ਸੋਹਣ ਸਿੰਘ ਖ਼ੁਸ਼ਦਿਲ, ਬਲਾਕ ਪ੍ਰਧਾਨ ਹੈਪੀ ਸੰਧੂ ਜੌੜਕੀ, ਗੁਰਦੇਵ ਸਿੰਘ ਵਿਰਕ, ਬਲਜਿੰਦਰ ਸਿੰਘ ਮੂਲਿਆਂ ਵਾਲੀ, ਹਰਮੀਤ ਸਿੰਘ ਸਰਾਂ, ਹਰਪ੍ਰੀਤ ਸਿੰਘ ਢਿੱਲੋਂ ਕੈਪਟਨ, ਨੈਬ ਸਿੰਘ ਢਿੱਲੋਂ, ਨਰਿੰਦਰ ਬਜਾਜ, ਕਰਨ ਡੱਬਵਾਲਾ, ਯਾਦਵਿੰਦਰ ਸਿੰਘ ਮਾਨ, ਡਾਕਟਰ ਰਣਵੀਰ ਬੱਬੂ, ਬਲਦੇਵ ਸਿੰਘ ਭੁੱਲਰ ਪਾਕਾ, ਕਰਨਦੀਪ ਸਿੰਘ ਗਰੇਵਾਲ ਅਤੇ ਹੋਰ ਵੀ ਹਾਜ਼ਰ ਸਨ |