ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਸੂਬੇ ਅੰਦਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ | ਪੰਜਾਬ ਦੀਆਂ ਸੂਬਾਈ, ਰਾਸ਼ਟਰੀ, ਸਿਆਸੀ ਪਾਰਟੀਆਂ ਸਾਰੀਆਂ ਹੀ ਇਸ ਸਮੇਂ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀਆਂ ਹਨ | ਫ਼ਾਜ਼ਿਲਕਾ ਦੇ ਸਰਹੱਦੀ ਜ਼ਿਲ੍ਹੇ ਅੰਦਰ ਪਹਿਲਾਂ ਧੜੇਬੰਦੀਆਂ ਤਾਂ ਸਨ ਪਰ ਅਜੋਕੇ ਸਮੇਂ ਅੰਦਰ ਇਨ੍ਹਾਂ ਧੜੇਬੰਦੀਆਂ ਨੇ ਨਵੇਂ ਸਿਆਸੀ ਸਮੀਕਰਨ ਪੈਦਾ ਕਰ ਦਿੱਤੇ ਹਨ | ਪੰਜਾਬ ਅੰਦਰ ਅਕਾਲੀ-ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਦੋਨੋਂ ਪਾਰਟੀਆਂ ਨੇ ਜ਼ਿਲ੍ਹੇ ਅੰਦਰ ਆਪਣੀ ਤਾਕਤ ਦਾ ਮੁਜ਼ਾਹਰਾ ਕਰਨਾ ਸ਼ੁਰੂ ਕੀਤਾ ਹੈ | ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਹਾਈਕਮਾਂਡ ਨੇ ਦੂਜੀਆਂ ਸਿਆਸੀ ਪਾਰਟੀਆਂ ਦੇ ਉੱਚ ਆਗੂਆਂ ਨੂੰ ਆਪਣੇ ਨਾਲ ਮਿਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਭਾਵੇਂ ਕਈ ਥਾਵਾਂ 'ਤੇ ਟਕਸਾਲੀ ਭਾਜਪਾ ਵਰਕਰ ਅੰਦਰੋਂ ਅੰਦਰੀਂ ਹਾਈਕਮਾਂਡ ਦੇ ਇਨ੍ਹਾਂ ਫ਼ੈਸਲਿਆਂ ਤੋਂ ਦੁਖੀ ਹਨ | ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਦੀ ਆਪਸੀ ਧੜੇਬੰਦੀ ਆਪਸੀ ਜੱਗ ਜ਼ਾਹਿਰ ਹੈ | ਪਿਛਲੇ ਕਈ ਦਹਾਕਿਆਂ ਤੋਂ ਕੋਈ ਵੀ ਵੱਡਾ ਆਗੂ ਇਸ ਧੜੇਬੰਦੀ ਨੂੰ ਖ਼ਤਮ ਨਹੀਂ ਕਰਵਾ ਸਕਿਆ | ਜਦ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਹਾਈਕਮਾਂਡ ਨਾਲ ਮਤਭੇਦਾਂ ਤੋਂ ਬਾਅਦ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ | ਉਹ ਇਸ ਸਮੇਂ ਪੰਜਾਬ ਭਾਜਪਾ ਦੇ ਸੂਬਾਈ ਪ੍ਰਧਾਨ ਹਨ | ਉਨ੍ਹਾਂ ਦੇ ਭਾਜਪਾ ਅੰਦਰ ਸ਼ਮੂਲੀਅਤ ਤੋਂ ਬਾਅਦ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਅੰਦਰ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ ਪਰ ਆਪਸੀ ਧੜੇਬੰਦੀ ਸਿਖ਼ਰਾਂ 'ਤੇ ਬੋਲ ਰਹੀ ਹੈ | ਸ੍ਰੀ ਜਾਖੜ ਦੇ ਕਾਂਗਰਸ ਵਿਚੋਂ ਜਾਣ ਤੋਂ ਬਾਅਦ ਕਾਂਗਰਸੀ ਵਰਕਰਾਂ ਨੂੰ ਆਸ ਸੀ ਕਿ ਜ਼ਿਲ੍ਹੇ ਅੰਦਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਆਗੂ ਅਤੇ ਵਰਕਰ ਆਪਣੇ ਮਤਭੇਦ ਦੂਰ ਕਰਨਗੇ ਪਰ ਅਜਿਹਾ ਨਹੀਂ ਜਾਪ ਰਿਹਾ | ਇੱਥੋਂ ਤੱਕ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਈ ਪਹਿਲੇ ਦਰਜੇ ਦੇ ਕਾਂਗਰਸੀ ਆਗੂ ਇਕ ਦੂਜੇ ਨੂੰ ਫ਼ਤਿਹ ਵੀ ਨਹੀਂ ਬੁਲਾਉਂਦੇ | ਪਿਛਲੇ ਦਿਨੀਂ ਸੂਬੇ ਅੰਦਰ ਜ਼ਿਲ੍ਹਾ ਪ੍ਰਧਾਨਾਂ ਦੀ ਹੋਈ ਨਵੀਂ ਨਿਯੁਕਤੀ ਸਮੇਂ ਵੀ ਹਾਈਕਮਾਂਡ ਨੇ ਧੜੇਬੰਦੀ ਨੂੰ ਖ਼ਤਮ ਕਰਨ ਲਈ ਕਾਂਗਰਸ ਦੇ ਪੁਰਾਣੇ, ਸਰਗਰਮ, ਮਿਹਨਤੀ ਨੌਜਵਾਨ ਹਰਪ੍ਰੀਤ ਸਿੰਘ ਸਿੱਧੂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ | ਪਰ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਕਈ ਸੀਨੀਅਰ ਕਾਂਗਰਸੀ ਆਗੂ ਉਨ੍ਹਾਂ ਨੂੰ ਵੀ ਪੂਰਨ ਸਹਿਯੋਗ ਨਹੀਂ ਦੇ ਰਹੇ | ਇਸ ਤਰ੍ਹਾਂ ਪਾਰਟੀ ਅੰਦਰ ਫੁੱਟ ਦਿਨੋਂ ਦਿਨ ਵੱਧ ਰਹੀ ਹੈ | ਜ਼ਿਲ੍ਹੇ ਦੇ ਚਾਰੋ ਹਲਕਿਆਂ ਅੰਦਰ ਕੋਈ ਇਕ ਹਲਕਾ ਵੀ ਅਜਿਹਾ ਨਹੀਂ ਜਿੱਥੇ ਪਾਰਟੀ ਅੰਦਰ ਧੜੇਬੰਦੀ ਸਿਖ਼ਰਾਂ 'ਤੇ ਨਹੀਂ ਹੈ | 2027 ਦੀਆਂ ਚੋਣਾਂ ਦਾ ਬਿਗਲ ਆਉਂਦੇ ਮਹੀਨਿਆਂ ਅੰਦਰ ਕਿਸੇ ਸਮੇਂ ਵੀ ਵੱਜ ਸਕਦਾ ਹੈ | ਅਜਿਹੇ ਹਾਲਾਤਾਂ ਅੰਦਰ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਪਾਰਟੀ ਦੀ ਕੀ ਸਥਿਤੀ ਹੋਵੇਗੀ | ਅਕਾਲੀ ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਇਸ ਜ਼ਿਲ੍ਹੇ ਅੰਦਰ ਅਕਾਲੀ ਭਾਜਪਾ ਦੋਨੋਂ ਪਾਰਟੀਆਂ ਦੀ ਸਥਿਤੀ ਭਾਵੇਂ ਪਤਲੀ ਹੋਈ ਹੈ ਪਰ ਅਕਾਲੀ ਦਲ ਨੂੰ ਫ਼ਾਜ਼ਿਲਕਾ 'ਤੇ ਅਬੋਹਰ ਦੋ ਹਲਕਿਆਂ ਅੰਦਰ ਵਰਕਰ ਦੀ ਘਾਟ ਦਾ ਨੁਕਸਾਨ ਹੋ ਰਿਹਾ ਹੈ | ਜਦ ਕਿ ਜਲਾਲਾਬਾਦ 'ਤੇ ਬੱਲੂਆਣਾ ਜੋ ਕਿਸੇ ਸਮੇਂ ਦੋਨੋਂ ਅਕਾਲੀ ਦਲ ਕੋਲ ਸਨ ਇਸ ਸਮੇਂ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ | ਬੱਲੂਆਣਾ ਹਲਕੇ ਤੋਂ ਵੀ ਅਕਾਲੀ ਦਲ ਵਰਕਰਾਂ ਪੱਖੋਂ ਕਮਜ਼ੋਰ ਸਥਿਤੀ ਵਿਚ ਹੈ | ਜਲਾਲਾਬਾਦ ਹਲਕਾ ਜੋ ਅਕਾਲੀ ਦਲ ਕੋਲ ਹੈ ਉੱਥੇ ਟਿਕਟ ਦੇ ਮਾਮਲੇ ਨੂੰ ਲੈ ਕੇ ਅੰਦਰੋਂ ਅੰਦਰੀਂ ਵਿਰੋਧੀ ਧੁਖ ਰਿਹਾ ਹੈ | ਜਿਸ ਦਾ ਮਾੜਾ ਅਸਰ ਚੋਣਾਂ 'ਤੇ ਪੈ ਸਕਦਾ ਹੈ | ਇਸ ਤਰ੍ਹਾਂ ਭਾਜਪਾ ਆਗੂ ਭਾਵੇਂ ਗੁੱਟਬੰਦੀ ਨਾ ਹੋਣ ਦੇ ਬਿਆਨ ਦੇ ਰਹੇ ਹਨ, ਪਰ ਜ਼ਿਲ੍ਹੇ ਅੰਦਰ ਜੋ ਵਾਪਰ ਰਿਹਾ ਹੈ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਪਾਰਟੀ ਧੜੇਬੰਦੀ ਤੋਂ ਸੱਖਣੀ ਨਹੀਂ ਰਹੀ | ਸ੍ਰੀ ਜਾਖੜ ਦੇ ਭਾਜਪਾ ਵਿਚ ਸ਼ਮੂਲੀਅਤ ਤੋਂ ਬਾਅਦ ਫ਼ਾਜ਼ਿਲਕਾ ਅਤੇ ਅਬੋਹਰ ਵਿਚ ਸਿਆਸੀ ਕੁੱਝ ਸਮੀਕਰਨ ਬਦਲੇ ਹਨ | ਅਬੋਹਰ ਤੋਂ ਭਾਜਪਾ ਦਾ ਸਾਬਕਾ ਵਿਧਾਇਕ ਭਵਿੱਖ ਵਿਚ ਟਿਕਟ ਦੀ ਚਿੰਤਾ ਨੂੰ ਲੈ ਕੇ ਭਾਜਪਾ ਛੱਡ ਆਮ ਆਦਮੀ ਪਾਰਟੀ ਵਿਚ ਜਾ ਚੁੱਕੇ ਹਨ | ਕਿਉਂ ਕਿ ਇਸ ਸਮੇਂ ਅਬੋਹਰ ਤੋਂ ਸ੍ਰੀ ਜਾਖੜ ਦਾ ਭਤੀਜਾ ਜੋ ਕਾਂਗਰਸ ਉਮੀਦਵਾਰ ਵਜੋਂ ਜਿੱਤਿਆ ਸੀ ਅਤੇ ਉਹ ਵੀ ਹੁਣ ਭਾਜਪਾ ਦੀਆਂ ਸਰਗਰਮੀਆਂ ਵਿਚ ਸ਼ਾਮਿਲ ਹਨ | ਇਸ ਤਰ੍ਹਾਂ ਅਬੋਹਰ ਤੋਂ ਪੁਰਾਣੇ ਭਾਜਪਾਈ ਜੋ ਚੋਣਾਂ ਲੜਨ ਦੀਆਂ ਵਿਓਾਤਬੰਦੀਆਂ ਬਣਾ ਰਹੇ ਸਨ, ਅੰਦਰ ਮਾਯੂਸੀ ਦਾ ਆਉਣਾ ਕੁਦਰਤੀ ਹੈ | ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਹਲਕੇ ਦੇ ਸੰਜੀਦਾ ਉਮੀਦਵਾਰ ਹਨ ਪਰ ਜਾਖੜ ਧੜੇ ਦੇ ਸਮਰਥਕ, ਜੋ ਕਾਂਗਰਸ ਛੱਡ ਕੇ ਭਾਜਪਾ ਵਿਚ ਆਏ ਹਨ ਉਨ੍ਹਾਂ ਵਿਚੋਂ ਕਈਆਂ ਦੀ ਚੋਣ ਲੜਨ ਦੀ ਇੱਛਾ ਅੰਦਰ ਖਾਤੇ ਪ੍ਰਗਟ ਹੁੰਦੀ ਹੈ | ਜਲਾਲਾਬਾਦ ਹਲਕੇ ਅੰਦਰ ਪੇਂਡੂ ਖੇਤਰ ਅੰਦਰ ਭਾਜਪਾ ਦਾ ਪਹਿਲਾ ਹੀ ਕੋਈ ਜ਼ਿਆਦਾ ਜਨ ਆਧਾਰ ਨਹੀਂ ਸੀ | ਇਸ ਤਰ੍ਹਾਂ ਸਤਾ ਦੀ ਕੁਰਸੀ ਹਾਸਲ ਕਰਨ ਲਈ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਸਮਰਥਨ ਲਈ ਵੱਡੇ ਸਿਆਸੀ ਸੰਘਰਸ਼ ਵਿਚੋਂ ਲੰਘਣਾ ਪਵੇਗਾ | ਆਮ ਆਦਮੀ ਪਾਰਟੀ ਜੋ ਇਸ ਸਮੇਂ ਸਤਾ 'ਤੇ ਕਾਬਜ਼ ਹੈ ਉਸ ਦੇ ਜ਼ਿਲ੍ਹੇ ਅੰਦਰ ਚਾਰ ਹਲਕਿਆਂ ਵਿਚੋਂ 3 ਹਲਕਿਆਂ ਤੋਂ ਵਿਧਾਇਕ ਹਨ | ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ 'ਚ ਵੀ ਵੱਡੇ ਸੰਘਰਸ਼ ਵਿਚੋਂ ਗੁਜ਼ਰਨਾ ਪਵੇਗਾ, ਕਿਉਂ ਕਿ ਤਾਕਤ ਵਿਰੋਧੀ ਰੁਝਾਨ ਦਾ ਸਾਹਮਣਾ ਵੀ ਆਪ ਨੂੰ ਕਰਨਾ ਪੈਣਾ ਹੈ | ਇਸ ਤਰ੍ਹਾਂ ਜੋ ਸਿਆਸੀ ਹਾਲਾਤ ਜ਼ਿਲ੍ਹੇ ਅੰਦਰ ਬਣ ਰਹੇ ਹਨ ਅਤੇ ਸੁਸਤ ਰਫ਼ਤਾਰ ਨਾਲ ਸਰਗਰਮੀਆਂ ਹਨ, ਉਸ ਤੋਂ ਸਪਸ਼ਟ ਹੁੰਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਦਿਲਚਸਪ ਅਤੇ ਸੰਘਰਸ਼ਸ਼ੀਲ ਹੋਣਗੀਆਂ |