ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਫਾਇਰ ਸੇਫ਼ਟੀ ਹਫ਼ਤੇ ਦੇ ਮੱਦੇਨਜ਼ਰ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਲੋਕਾਂ ਨੂੰ ਅੱਗ ਦੀਆਂ ਘਟਨਾਵਾਂ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ | ਸਿਵਲ ਸਰਜਨ ਡਾ.ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਐਮ.ਓ.ਡਾ.ਐਰਿਕ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਨਰਸਿੰਗ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਅੱਗ ਤੋਂ ਬਚਾਅ ਦੇ ਤਰੀਕਿਆਂ ਅਤੇ ਸਾਵਧਾਨੀਆਂ ਬਾਰੇ ਪ੍ਰਭਾਵਸ਼ਾਲੀ ਸੰਦੇਸ਼ ਦਿੱਤੇ | ਇਨ੍ਹਾਂ ਮੁਕਾਬਲਿਆਂ ਵਿਚ ਜਸ਼ਨ, ਕਲਪਨਾ, ਲਵਲੀਨ, ਨਾਜ਼ਮ, ਗੀਤਿਕਾ, ਰਿਤਿਕਾ, ਇਸ਼ੀਤਾ, ਪਰਮਜੀਤ, ਸ਼ਰਨਜੀਤ ਅਤੇ ਹਰਸਿਮਰਨ ਨੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਨੇ ਪੋਸਟਰਾਂ ਰਾਹੀਂ ਦਰਸਾਇਆ ਕਿ ਕਿਵੇਂ ਹਸਪਤਾਲਾਂ ਅਤੇ ਘਰਾਂ ਵਿਚ ਛੋਟੀ ਜਿਹੀ ਲਾਪਰਵਾਹੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ | ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਾਇਰ ਸੇਫ਼ਟੀ ਸਾਡੇ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲਾਂ ਵਰਗੀਆਂ ਸੰਵੇਦਨਸ਼ੀਲ ਥਾਵਾਂ 'ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ | ਐੱਸ.ਐਮ.ਓ. ਡਾ.ਐਰਿਕ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਭਵਿੱਖ ਦੇ ਸਿਹਤ ਕਰਮਚਾਰੀਆਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ | ਡਾ.ਅਰਪਿਤ ਗੁਪਤਾ, ਡਾ.ਨਿਸ਼ਾਂਤ ਸੇਤੀਆ, ਡਾ. ਵਿਕਾਸ ਗਾਂਧੀ, ਡਾ.ਭੂਪੇਨ ਸਿਸੋਦੀਆ, ਮਾਸ ਮੀਡੀਆ ਅਫ਼ਸਰ ਵਿਨੋਦ ਕੁਮਾਰ, ਫੈਸਿਲਿਟੀ ਮੈਨੇਜਰ ਗੁਰਪ੍ਰੀਤ ਕੌਰ, ਪਾਰਸ ਕਟਾਰੀਆ ਅਤੇ ਦਿਵੇਸ਼ ਕੁਮਾਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ | ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ |