ਮੰਡੀ ਅਰਨੀਵਾਲਾ, 14 ਮਈ (ਨਿਸ਼ਾਨ ਸਿੰਘ ਮੋਹਲ਼ਾ)-ਪੰਜਾਬੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਅਤੇ ਸੂਫ਼ੀ ਸੰਤ ਫ਼ਕੀਰ ਬਾਬਾ ਬੁੱਲ੍ਹੇ ਸ਼ਾਹ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਗੀਤ Tਕਿਰਪਾ ਬਾਬੇ ਦੀ' ਰਿਲੀਜ਼ ਕੀਤਾ ਜਾ ਗਿਆ | ਇਸ ਗੀਤ ਰਾਹੀਂ ਬਾਬਾ ਬੁੱਲ੍ਹੇ ਸ਼ਾਹ ਦੀ ਜੀਵਨ ਯਾਤਰਾ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸ ਨੂੰ ਰੂਬਰੂ ਕਰਵਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਸੂਫ਼ੀ ਸੰਤ ਬਾਬਾ ਬੁੱਲ੍ਹੇ ਸ਼ਾਹ ਦਾ ਜਨਮ 1680 ਈਸਵੀ 'ਚ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਨੇੜੇ ਪਿੰਡ ਪਾਂਡੋਕੇ 'ਚ ਹੋਇਆ ਸੀ | ਵੰਡ ਤੋਂ ਬਾਅਦ ਉਨ੍ਹਾਂ ਦੀ ਯਾਦ 'ਚ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ 'ਚ ਵੀ ਮੇਲੇ ਦੀ ਪਰੰਪਰਾ ਸ਼ੁਰੂ ਹੋਈ | ਦੱਸਿਆ ਜਾਂਦਾ ਹੈ ਕਿ ਬਾਪੂ ਗੁਲਾਬ ਸਿੰਘ ਸੰਧੂ ਜੀਆਂ ਬੱਗਾ ਵਲੋਂ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ 'ਚ ਸਥਿਤ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਵਾਲੇ ਪਿੰਡ ਪਾਂਡੋਕੇ ਤੋਂ ਇੱਟ ਲਿਆ ਕੇ ਇੱਥੇ ਇਹ ਧਾਰਮਿਕ ਸਥਾਨ ਸਥਾਪਿਤ ਕੀਤਾ ਗਿਆ, ਜਿਸ ਤੋਂ ਬਾਅਦ ਇੱਥੇ ਮੇਲਾ ਲੱਗਣ ਦੀ ਰੀਤ ਬਣੀ | ਇਸ ਇਤਿਹਾਸ ਨੂੰ ਗੀਤ ਰਾਹੀਂ ਦਰਸਾਉਣ ਲਈ ਹੋਣਹਾਰ ਗਾਇਕ ਜੱਜ ਸੰਧੂ ਨੇ ਆਪਣੀ ਆਵਾਜ਼ ਦਿੱਤੀ ਤੇ ਲੇਬਲ ਬਿਗ ਐੱਸ ਸਟੂਡੀਓ ਸੰਗੀਤਕਾਰ ਅਮਦਾਦ ਅਲੀ ਵਲੋਂ ਸੰਗੀਤ ਤਿਆਰ ਕੀਤਾ ਗਿਆ ਹੈ | ਗੀਤ ਦੇ ਬੋਲ ਸੁਰਜੀਤ ਸਿੱਧੂ ਕੰਧਵਾਲੀਆ ਨੇ ਲਿਖੇ ਹਨ | ਵੀਡੀਓ ਦਾ ਡਾਇਰੈਕਸ਼ਨ ਪ੍ਰੀਤ ਸਿੱਧੂ ਨੇ ਕੀਤਾ ਹੈ, ਡੀ.ਓ.ਪੀ ਮੈਂਡੀ ਬਾਵਾ ਹਨ ਅਤੇ ਮਿਕਸ-ਮਾਸਟਰ ਅਮਰਦੀਪ ਸਿੰਘ ਵਲੋਂ ਕੀਤਾ ਗਿਆ ਹੈ | ਇਸ ਗੀਤ ਰਾਹੀਂ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਸੂਫ਼ੀ ਵਿਚਾਰਧਾਰਾ ਅਤੇ ਕੰਧਵਾਲਾ ਹਾਜ਼ਰ ਖਾਂ ਵਿਚ ਲੱਗਦੇ ਮੇਲੇ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |