ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੀ 'ਕਿਸਾਨ-ਹਿੱਤੂ' ਨੀਤੀ ਤਹਿਤ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਅਬੋਹਰ ਵਿਚ ਅਣਅਧਿਕਾਰਤ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਇਕ ਵੱਡੇ ਭੰਡਾਰ ਦਾ ਪਰਦਾਫਾਸ਼ ਕੀਤਾ ਹੈ | ਇਸ ਸਬੰਧੀ ਇਕ ਵਿਅਕਤੀ ਖ਼ਿਲਾਫ਼ ਐਫ.ਆਈ.ਆਰ.ਵੀ ਦਰਜ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ.ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਬੰਸ ਸਿੰਘ ਸਿੱਧੂ ਦੀ ਅਗਵਾਈ ਹੇਠ ਇਕ ਵਿਸ਼ੇਸ਼ ਛਾਪਾਮਾਰੀ ਕੀਤੀ ਗਈ | ਇਸ ਟੀਮ ਵਿਚ ਡਾ.ਸ਼ਿਸ਼ਪਲ ਗੋਦਾਰਾ ਸਹਾਇਕ ਪੌਦਾ ਸੁਰੱਖਿਆ ਅਫ਼ਸਰ, ਵਿਕਰਾਂਤ ਇਨਸੈਕਟੀਸਾਈਡ ਇੰਸਪੈਕਟਰ, ਅਜੇ ਪਾਲ ਖਾਦ ਇੰਸਪੈਕਟਰ ਅਤੇ ਬਲਾਕ ਦੀ ਹੋਰ ਟੀਮ ਸ਼ਾਮਲ ਸੀ | ਟੀਮ ਨੇ ਨਵੀਂ ਅਨਾਜ ਮੰਡੀ ਅਬੋਹਰ ਵਿਚ ਸਥਿਤ ਦੁਕਾਨ ਨੰਬਰ 77 ਉੱਪਰ ਛਾਪਾ ਮਾਰਿਆ, ਜਿੱਥੇ ਵਿਜੇ ਕੰਬੋਜ ਪੁੱਤਰ ਲੇਖਰਾਜ, ਵਾਸੀ ਢਾਣੀ ਕਰਨੈਲ, ਤਹਿਸੀਲ ਅਬੋਹਰ ਵਲੋਂ ਬਿਨਾਂ ਕਿਸੇ ਕਾਨੂੰਨੀ ਅਧਿਕਾਰ ਦੇ ਵੱਡੀ ਮਾਤਰਾ ਵਿਚ ਖਾਦਾਂ ਅਤੇ ਕੀੜੇਮਾਰ ਦਵਾਈਆਂ ਸਟੋਰ ਕੀਤੀਆਂ ਹੋਈਆਂ ਸਨ | ਛਾਪੇਮਾਰੀ ਦੌਰਾਨ ਆਈ.ਪੀ.ਐਲ-5ਜੀ 400 ਗੁਣਾ 1 ਲੀਟਰ ਅਤੇ ਗਿ੍ਫਿਨ 144 ਗੁਣਾ4 ਕਿੱਲੋਗਰਾਮ ਸਟਾਕ ਅਤੇ ਕਾਰਟੈਪ ਹਾਈਡਰੋਕਲੋਰਾਈਡ 4ਪ੍ਰਤੀਸ਼ਤ ਜੀ.ਆਰ ਕੀਟਨਾਸ਼ਕ 199ਗੁਣਾ5 ਕਿੱਲੋਗਰਾਮ ਹਰੇਕ + 4 ਕਿੱਲੋਗਰਾਮ ਅਤੇ 250 ਗਰਾਮ ਦੇ ਸਟਾਕ ਨੂੰ ਸੈਂਪਲਿੰਗ ਤੋਂ ਬਾਅਦ ਸੀਜ਼ ਕਰ ਲਿਆ ਗਿਆ | ਅਣਅਧਿਕਾਰਤ ਸਟੋਰੇਜ ਅਤੇ ਕਾਰੋਬਾਰ ਦੇ ਦੋਸ਼ ਵਿਚ, ਵਿਜੇ ਕੰਬੋਜ ਖ਼ਿਲਾਫ਼ 15 ਮਈ ਨੂੰ ਥਾਣਾ ਅਬੋਹਰ ਵਿਖੇ ਐਫ.ਆਈ.ਆਰ. ਨੰਬਰ 0148 ਦਰਜ ਕੀਤੀ ਗਈ ਹੈ | ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਬੰਸ ਸਿੰਘ ਸਿੱਧੂ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੋ ਵੀ ਵਿਅਕਤੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਕਾਰੋਬਾਰ ਵਿਚ ਗ਼ਲਤ ਤਰੀਕੇ ਜਾਂ ਧੋਖਾਧੜੀ ਕਰਦਾ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕਿਸੇ ਵੀ ਕੀਮਤ 'ਤੇ ਧੋਖਾਧੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਸਖ਼ਤ ਕਾਰਵਾਈਆਂ ਜਾਰੀ ਰਹਿਣਗੀਆਂ |