ਅਬੋਹਰ, 16 ਮਈ (ਵਿਵੇਕ ਹੂੜੀਆ)-ਨਗਰ ਨਿਗਮ ਚੋਣਾਂ ਦੇ ਬਿਗਲ ਵੱਜਦਿਆਂ ਹੀ ਅਬੋਹਰ ਦੀ ਸਿਆਸਤ ਵਿਚ ਭਾਰੀ ਉਬਾਲ ਆ ਗਿਆ ਹੈ | ਸਥਾਨਕ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਸ਼ਹਿਰ ਦੇ ਸਾਰੇ 50 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਢੋਲ-ਨਗਾਰਿਆਂ ਦੀ ਥਾਪ ਅਤੇ ਸਮਰਥਕਾਂ ਦੇ ਭਾਰੀ ਇਕੱਠ ਨਾਲ ਤਹਿਸੀਲ ਕੰਪਲੈਕਸ ਪਹੁੰਚੇ ਵਿਧਾਇਕ ਜਾਖੜ ਨੇ ਸਪਸ਼ਟ ਕੀਤਾ ਕਿ ਇਹ ਚੋਣ ਸਿਰਫ਼ ਕੌਂਸਲਰਾਂ ਦੀ ਚੋਣ ਨਹੀਂ ਸਗੋਂ ਅਬੋਹਰ ਦੇ ਗੌਰਵ ਅਤੇ ਵਿਕਾਸ ਨੂੰ ਮੁੜ ਸੁਰਜੀਤ ਕਰਨ ਦੀ ਲੜਾਈ ਹੈ | ਨਾਮਜ਼ਦਗੀ ਪ੍ਰਕਿਰਿਆ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸਿਆਸੀ ਰੰਜਸ਼ ਕਾਰਨ ਸ਼ਹਿਰ ਦੀ ਵਿਕਾਸ ਦੀ ਰਫ਼ਤਾਰ ਨੂੰ ਰੋਕਿਆ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸੱਤਾਧਾਰੀ ਧਿਰ ਨੇ ਅਬੋਹਰ ਦੀ ਜਨਤਾ ਨਾਲ ਮਤਰੇਆ ਸਲੂਕ ਕੀਤਾ ਹੈ, ਜਿਸ ਕਾਰਨ ਸ਼ਹਿਰ ਦੀ ਸੀਵਰੇਜ ਵਿਵਸਥਾ, ਸਫ਼ਾਈ ਅਤੇ ਸੜਕਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ | ਜਾਖੜ ਨੇ ਭਰੋਸਾ ਪ੍ਰਗਟਾਇਆ ਕਿ ਜਨਤਾ ਇਸ ਵਾਰ ਭਾਜਪਾ ਦੇ ਪੜ੍ਹੇ-ਲਿਖੇ ਅਤੇ ਮਿਹਨਤੀ ਉਮੀਦਵਾਰਾਂ ਨੂੰ ਚੁਣ ਕੇ ਨਗਰ ਨਿਗਮ ਵਿਚ ਇੱਕ ਇਮਾਨਦਾਰ ਬੋਰਡ ਦਾ ਗਠਨ ਕਰੇਗੀ | ਵਿਧਾਇਕ ਜਾਖੜ ਨੇ ਕਿਹਾ ਕਿ ਸਾਡੀ ਮੁੱਖ ਤਰਜੀਹ ਅਬੋਹਰ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਉਣਾ ਹੈ | ਅਸੀਂ ਹਰ ਵਾਰਡ ਤੋਂ ਅਜਿਹੇ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜੋ ਜਨਤਾ ਪ੍ਰਤੀ ਜਵਾਬਦੇਹ ਹਨ | ਉਨ੍ਹਾਂ ਚੋਣ ਪ੍ਰਚਾਰ ਦੇ ਮੁੱਖ ਏਜੰਡੇ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਭਾਜਪਾ ਦਾ ਟੀਚਾ ਸ਼ਹਿਰ ਵਿਚ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ, ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ ਯਕੀਨੀ ਬਣਾਉਣਾ ਅਤੇ ਬੰਦ ਪਏ ਵਿਕਾਸ ਪ੍ਰੋਜੈਕਟਾਂ ਨੂੰ ਜੰਗੀ ਪੱਧਰ 'ਤੇ ਮੁੜ ਸ਼ੁਰੂ ਕਰਵਾਉਣਾ ਹੈ | ਨਾਮਜ਼ਦਗੀ ਭਰਨ ਸਮੇਂ ਉਮੜਿਆ ਸਮਰਥਕਾਂ ਦਾ ਹੜ੍ਹ ਭਾਜਪਾ ਦੇ ਵਧਦੇ ਪ੍ਰਭਾਵ ਨੂੰ ਦਰਸਾ ਰਿਹਾ ਸੀ | ਸਾਰੇ 50 ਵਾਰਡਾਂ ਵਿਚ ਨਾਮਜ਼ਦਗੀਆਂ ਦਾਖ਼ਲ ਕਰਕੇ ਭਾਜਪਾ ਨੇ ਵਿਰੋਧੀਆਂ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਉਹ ਇਸ ਚੋਣ ਨੂੰ ਪੂਰੀ ਗੰਭੀਰਤਾ ਅਤੇ ਹਮਲਾਵਰ ਰੁਖ਼ ਨਾਲ ਲੜ ਰਹੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਨਿਗਮ ਚੋਣਾਂ ਲਈ ਅਬੋਹਰ ਦੇ ਇੰਚਾਰਜ ਮਨਜੀਤ ਸਿੰਘ ਰਾਏ, ਧਨਪਤ ਸਿਆਗ, ਵੰਦਨਾ ਸਾਂਗਵਾਲ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ |