ਮੰਡੀ ਅਰਨੀਵਾਲਾ,16 ਮਈ (ਨਿਸ਼ਾਨ ਸਿੰਘ ਮੋਹਲ਼ਾ)-ਨਗਰ ਪੰਚਾਇਤ ਅਰਨੀਵਾਲਾ ਵਿਚ ਕਾਂਗਰਸੀ ਉਮੀਦਵਾਰਾਂ ਦੀ ਟਿਕਟ ਨੂੰ ਵੰਡ ਨੂੰ ਲੈ ਕੇ ਰੌਲਾ ਪੈ ਗਿਆ | ਹਲਕੇ ਦੇ ਸਾਬਕਾ ਕਾਂਗਰਸੀ ਆਗੂ ਹੰਸ ਰਾਜ ਜੋਸਨ ਨੇ ਪਾਰਟੀ ਵਲੋਂ ਲਾਏ ਗਏ ਅਬਜ਼ਰਵਰ ਗੁਰਚਰਨ ਸਿੰਘ ਨਾਹਰ 'ਤੇ ਟਿਕਟਾਂ ਦੀ ਵੰਡ ਵੇਲੇ ਅਣਦੇਖੀ ਕਰਨ ਦੇ ਦੋਸ਼ ਲਾਏ | ਜੋਸਨ ਨੇ ਕਿਹਾ ਕਿ ਪਾਰਟੀ ਅਬਜ਼ਰਵਰ ਨੇ ਪਾਰਟੀ ਦੇ ਨਾਲ ਧੋਖਾ ਕੀਤਾ ਹੈ ਅਤੇ ਇਕੋ ਆਗੂ ਰਮਿੰਦਰ ਆਵਲਾ ਦੇ ਕਹਿਣ 'ਤੇ ਟਿਕਟਾਂ ਦੀ ਵੰਡ ਕੀਤੀ ਹੈ | ਜੋਸਨ ਨੇ ਸਾਬਕਾ ਵਿਧਾਇਕ ਰਵਿੰਦਰ ਆਵਲਾ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਗੁਰੂਹਰਸਹਾਏ ਤੋਂ ਵੀ ਜਿਤਾ ਲਵੇ ਤਾਂ ਬਹੁਤ ਵੱਡੀ ਗੱਲ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਪਾਰਟੀ ਅਬਜ਼ਰਵਰ ਨੂੰ ਸਾਰਿਆਂ ਨੂੰ ਰਲ ਕੇ ਟਿਕਟਾਂ ਦੇਣੀਆਂ ਚਾਹੀਦੀਆਂ ਸਨ | ਜੋਸਨ ਨੇ ਪਾਰਟੀ ਅਬਜ਼ਰਵਰ 'ਤੇ ਅਕਾਲੀ ਦਲ ਅਤੇ ਬੀ.ਜੇ.ਪੀ ਨਾਲ ਰਲੇ ਹੋਣ ਦੇ ਦੋਸ਼ ਲਾਏ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਹਾਈਕਮਾਂਡ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪਾਰਟੀ ਨੂੰ ਕਿਹਾ ਕਿ ਅੱਗੇ ਤੋਂ ਉਨ੍ਹਾਂ ਦੀ ਕਿਤੇ ਵੀ ਪਾਰਟੀ ਡਿਊਟੀ ਨਾ ਲਗਾਵੇ | ਹੰਸਰਾਜ ਜੋਸਨ ਨੇ ਕਿਹਾ ਕਿ ਪਾਰਟੀ ਅਬਜ਼ਰਵਰ ਨੂੰ ਸਾਰੇ ਬਲਾਕ ਪ੍ਰਧਾਨਾਂ ਅਹੁਦੇਦਾਰਾਂ ਦੇ ਨਾਲ ਮੀਟਿੰਗ ਕਰਕੇ ਤੇ ਉਨ੍ਹਾਂ ਦੀ ਸਲਾਹ ਲੈ ਕੇ ਹੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਸੀ | ਪਾਰਟੀ ਦੇ ਪੰਜਾਬ ਪ੍ਰਦੇਸ਼ ਓ.ਬੀ.ਸੀ ਸੈੱਲ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਪਾਰਟੀ ਨੇ ਟਿਕਟ ਦੇ ਦਿੱਤੀ ਹੈ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ | ਜਦ ਇਸ ਸਬੰਧੀ ਅਬਜ਼ਰਵਰ ਗੁਰਚਰਨ ਸਿੰਘ ਨਾਹਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਵੀ ਉਮੀਦਵਾਰ ਸੀ ਉਨ੍ਹਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਹਨ | ਉਨ੍ਹਾਂ ਨੇ ਕਿਹਾ ਕਿ ਇਹ ਨਗਰ ਪੰਚਾਇਤ ਅਰਨੀਵਾਲਾ ਹੈ | ਜਦ ਕਿ ਇਹ ਜਲਾਲਾਬਾਦ ਹਲਕਾ ਨਹੀਂ ਹੈ | ਜਦ ਉਨ੍ਹਾਂ ਨੂੰ ਕਿਹਾ ਕਿ ਇਹ ਜਲਾਲਾਬਾਦ ਹਲਕੇ ਦਾ ਹਿੱਸਾ ਹੈ | ਉਨ੍ਹਾਂ ਨੇ ਕਿਹਾ ਕਿ ਇੱਥੇ ਸਿਰਫ਼ ਲੋਕਲ ਉਮੀਦਵਾਰਾਂ ਨੂੰ ਹੀ ਦੇਖਿਆ ਗਿਆ ਹੈ | ਉੱਧਰ ਚੋਣ ਮੈਦਾਨ ਵਿਚ ਉੱਤਰੇ ਹੋਏ ਕਾਂਗਰਸੀ ਉਮੀਦਵਾਰ ਸਿਕੰਦਰ ਬਤਰਾ ਵਾਰਡ ਨੰਬਰ ਚਾਰ, ਗੋਰਾ ਸੰਧੂ, ਰਾਣਾ ਠੇਠੀ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਛੀਨਾ, ਪੰਜਾਬ ਸਪੋਕਸਪਰਸਨ ਕਾਂਗਰਸ ਰੂਬੀ ਗਿੱਲ, ਆਗੂ ਕੰਵਲ ਕਾਲੜਾ ਨੇ ਕਿਹਾ ਕਿ ਸਾਰਿਆਂ ਦੀ ਸਹਿਮਤੀ ਨਾਲ ਟਿਕਟਾਂ ਵੰਡੀਆਂ ਗਈ ਹਨ | ਉਨ੍ਹਾਂ ਨੇ ਕਿਹਾ ਕਿ ਪੁਰਾਣੇ ਵਰਕਰਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਵਿਚ ਕਿਸੇ ਨੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ | ਮਜ਼ਬੂਤ ਦਾਅਵੇਦਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ |