ਅਬੋਹਰ, 21 ਮਈ (ਵਿਵੇਕ ਹੂੜੀਆ)-ਲੜਕੀਆਂ ਨੂੰ ਵੱਖ-ਵੱਖ ਕੋਰਸਾਂ ਦੀ ਮੁਫ਼ਤ ਸਿਖਲਾਈ ਅਤੇ ਸਿੱਖਿਆ ਪ੍ਰਦਾਨ ਕਰਕੇ ਆਤਮ-ਨਿਰਭਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਅਬੋਹਰ ਦੇ ਪ੍ਰਸਿੱਧ 'ਬੰਬੇ ਇੰਸਟੀਚਿਊਟ' ਦੀ ਇਕ ਹੋਰ ਵਿਦਿਆਰਥਣ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਵਕਾਲਤ ਦੀ ਡਿਗਰੀ ਪੂਰੀ ਕਰ ਲਈ ਹੈ | ਬੰਬੇ ਇੰਸਟੀਚਿਊਟ ਦੇ ਸੰਚਾਲਕ ਗਗਨ ਚੁੱਘ ਨੇ ਦੱਸਿਆ ਕਿ ਰੌਸ਼ਨੀ ਨੇ ਸਾਲ 2018 ਵਿਚ ਆਰੀਅਨ ਕਾਲਜ ਵਿਚ ਬੀ.ਏ. ਐਲ.ਐਲ.ਬੀ. ਵਿਚ ਦਾਖਲਾ ਲਿਆ ਸੀ | ਸਾਲ 2021 ਤੱਕ ਸਕਾਲਰਸ਼ਿਪ ਨਾ ਆਉਣ ਦੇ ਬਾਵਜੂਦ, ਕਾਲਜ ਦੇ ਚੇਅਰਮੈਨ ਡਾ.ਅੰਸ਼ੂ ਕਟਾਰੀਆ ਦੇ ਵਿਸ਼ੇਸ਼ ਸਹਿਯੋਗ ਸਦਕਾ ਰੌਸ਼ਨੀ ਦੀ ਪੜ੍ਹਾਈ ਬਿਲਕੁਲ ਮੁਫ਼ਤ ਕਰਵਾਈ ਗਈ ਅਤੇ ਉਸ ਕੋਲੋਂ ਕਦੇ ਕੋਈ ਫ਼ੀਸ ਆਦਿ ਨਹੀਂ ਲਈ ਗਈ | ਅੱਜ ਰੌਸ਼ਨੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਕੌਂਸਲ ਤੋਂ ਵਕਾਲਤ ਦਾ ਲਾਇਸੈਂਸ ਪ੍ਰਾਪਤ ਕਰਨ ਉਪਰੰਤ ਬੰਬੇ ਇੰਸਟੀਚਿਊਟ ਦੇ ਸੰਚਾਲਕ ਗਗਨ ਚੁੱਘ ਦਾ ਧੰਨਵਾਦ ਕਰਨ ਲਈ ਅਬੋਹਰ ਪਹੁੰਚੀ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਆਪਣੀ ਪੜ੍ਹਾਈ ਪੂਰੀ ਕਰ ਸਕੀ ਹੈ | ਇਸ ਮੌਕੇ ਗਗਨ ਚੁੱਘ ਨੇ ਰੌਸ਼ਨੀ ਦੀ ਇਸ ਮਿਸਾਲੀ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਉਸ ਦਾ ਸਵਾਗਤ ਕੀਤਾ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਗਗਨ ਚੁੱਘ ਨੇ ਦੱਸਿਆ ਕਿ ਬੰਬੇ ਇੰਸਟੀਚਿਊਟ ਦੀ ਮਦਦ ਨਾਲ ਹੁਣ ਤੱਕ ਕਰੀਬ 250 ਲੜਕੀਆਂ ਮੁਫ਼ਤ ਵਕਾਲਤ ਦੀ ਪੜ੍ਹਾਈ ਕਰ ਰਹੀਆਂ ਹਨ | ਇਸ ਤੋਂ ਇਲਾਵਾ 'ਬੇਟੀ ਪੜ੍ਹਾਓ' ਮੁਹਿੰਮ ਤਹਿਤ ਲਗਭਗ 4000 ਲੜਕੀਆਂ ਕੰਪਿਊਟਰ ਕੋਰਸ, ਸਿਲਾਈ-ਕਢਾਈ, ਬਿਊਟੀ ਪਾਰਲਰ ਅਤੇ ਇੰਗਲਿਸ਼ ਸਪੀਕਿੰਗ ਦੀ ਮੁਫ਼ਤ ਟਰੇਨਿੰਗ ਲੈ ਕੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਚੁੱਕੀਆਂ ਹਨ | ਚੁੱਘ ਨੇ ਸਪਸ਼ਟ ਕੀਤਾ ਕਿ ਇਹ ਸਾਰੇ ਕੋਰਸ ਬਿਨਾਂ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਸਹਾਇਤਾ ਦੇ, ਸੰਸਥਾ ਵਲੋਂ ਆਪਣੇ ਪੱਧਰ 'ਤੇ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਬੰਬੇ ਇੰਸਟੀਚਿਊਟ ਆਪਣੀ ਸ਼ੁਰੂਆਤ ਤੋਂ ਹੀ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਮੁਫ਼ਤ ਸਿੱਖਿਆ ਦੇ ਕੇ ਸਸ਼ਕਤ ਬਣਾ ਰਿਹਾ ਹੈ ਅਤੇ ਇਹ ਲੋਕ-ਭਲਾਈ ਕਾਰਜ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗਾ | ਇਸ ਖ਼ਾਸ ਮੌਕੇ ਰੌਸ਼ਨੀ ਦੇ ਪਿਤਾ ਵੀਰਪਾਲ, ਮਾਨਿਕ ਡੇਮਲਾ, ਰਾਧਿਕਾ, ਅਰਸ਼ਦੀਪ ਕੌਰ ਅਤੇ ਸ਼ਕੁੰਤਲਾ ਦੇਵੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |