ਅਬੋਹਰ, 21 ਮਈ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਸਰਕੁਲਰ ਰੋਡ ਤੋਂ ਪੁਰਾਣੀ ਸਬਜ਼ੀ ਮੰਡੀ ਤੱਕ ਆਮ ਜਨਤਾ ਦੇ ਖ਼ੂਨ ਪਸੀਨੇ ਦੀ ਕਮਾਈ ਅਤੇ ਟੈਕਸ ਦੇ ਡੇਢ ਕਰੋੜ ਰੁਪਏ ਦਾ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ | ਭਿ੍ਸ਼ਟਾਚਾਰ ਇਸ ਕਦਰ ਵੱਧ ਗਿਆ ਹੈ ਕਿ ਮੀਂਹ ਤੋਂ ਪਹਿਲਾਂ ਹੀ ਕੁੱਝ ਦਿਨ ਪਹਿਲਾਂ ਬਣੀ ਸੜਕ ਹੁਣੇ ਹੀ ਖਿੱਲਰਨ ਲੱਗ ਪਈ ਹੈ | ਉਕਤ ਘੋਟਾਲੇ ਦੀ ਪੋਲ ਖੋਲ੍ਹਦੇ ਹੋਏ ਹਲਕਾ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਪੰਜਾਬ ਵਿਚ ਵੱਡੇ-ਵੱਡੇ ਬਦਲਾਅ ਦੇ ਖੋਖਲੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਅਬੋਹਰ ਦੀ ਸਥਾਨਕ ਲੀਡਰਸ਼ਿਪ ਆਖ਼ਰ ਇਸ ਸ਼ਰੇਆਮ ਲੁੱਟ ਅਤੇ ਜਨਤਾ ਦੇ ਪੈਸੇ ਦੀ ਬਰਬਾਦੀ 'ਤੇ ਚੁੱਪ ਕਿਉਂ ਹੈ | ਇਸ ਘਟੀਆ ਨਿਰਮਾਣ ਦੇ ਪਿੱਛੇ ਆਖ਼ਰ ਕਿਹੜੀ ਚਹੇਤੀ ਫ਼ਰਮ, ਠੇਕੇਦਾਰ ਅਤੇ ਭਿ੍ਸ਼ਟ ਅਧਿਕਾਰੀ ਐਸ਼ ਕਰ ਰਹੇ ਹਨ | ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣਾ ਪਵੇਗਾ ਕਿ ਇਸ ਭਿ੍ਸ਼ਟਾਚਾਰ ਦੇ ਪਿੱਛੇ ਕਿਸ ਮੋਟਾ ਕਮਿਸ਼ਨ ਚੱਲ ਰਿਹਾ ਹੈ | ਇਹ ਸਿੱਧੇ ਤੌਰ 'ਤੇ ਜਨਤਾ ਦੇ ਪੈਸੇ ਤੇ ਡਾਕਾ ਹੈ | ਜਿਸ ਨੂੰ ਕਿਸੇ ਵੀ ਕੀਮਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਨਿਰਮਾਣ ਕਾਰਜ ਵਿਚ ਤਾਰਕੋਲ ਦੀ ਜਗ੍ਹਾ ਸਿਰਫ਼ ਖਾਨਾਪੂਰਤੀ ਕੀਤੀ ਗਈ ਹੈ | ਜਿਸ ਦੀ ਹਕੀਕਤ ਸਿਰਫ਼ ਨਿਰਪੱਖ ਤੇ ਉੱਚ ਪੱਧਰੀ ਜਾਂਚ ਵਿਚ ਹੀ ਸਾਹਮਣੇ ਆ ਸਕਦੀ ਹੈ | ਵਿਧਾਇਕ ਜਾਖੜ ਨੇ ਚੇਤਾਵਨੀ ਦਿੰਦੇ ਹੋਏ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਵਿਚ ਤੁਰੰਤ ਸਖ਼ਤ ਐਕਸ਼ਨ ਲਏ ਅਤੇ ਸੰਬੰਧਿਤ ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰੇ ਨਹੀਂ ਤਾਂ ਜਨਤਾ ਇਸ ਲੁੱਟ ਦੇ ਖ਼ਿਲਾਫ਼ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਵੇਗੀ |