ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਦਾ ਚੋਣ ਪ੍ਰਚਾਰ ਸਿਖ਼ਰਾਂ 'ਤੇ ਚੱਲ ਰਿਹਾ ਹੈ | ਸਾਰੇ ਉਮੀਦਵਾਰ ਸਿਰ ਧੜ ਦੀ ਬਾਜ਼ੀ ਲਗਾ ਕੇ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ | ਫ਼ਾਜ਼ਿਲਕਾ ਨਗਰ ਕੌਂਸਲ ਅੰਦਰ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ, ਕਾਂਗਰਸ ਦੀ ਆਪਸ ਵਿਚ ਸਿੱਧੀ ਟੱਕਰ ਹੈ | ਜਦ ਕਿ ਅਕਾਲੀ ਦਲ ਨੇ ਵੀ ਕਈ ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਹਨ | ਆਮ ਆਦਮੀ ਪਾਰਟੀ ਵਾਲੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਦਾ ਮੁੱਦਾ ਬਣਾ ਕੇ ਚੋਣ ਮੈਦਾਨ ਵਿਚ ਹਨ | ਇਸ ਤੋਂ ਇਲਾਵਾ ਸ਼ਹਿਰ ਅੰਦਰ ਬਣਾਈਆਂ ਗਲੀਆਂ, ਸੜਕਾਂ, ਟੋਲ ਟੈਕਸ ਖ਼ਤਮ ਕਰਨੇ ਆਦਿ ਨਾਅਰਿਆਂ ਨਾਲ ਵੋਟਾਂ ਮੰਗ ਰਹੇ ਹਨ | ਜਦ ਕਿ ਭਾਜਪਾ ਅਤੇ ਕਾਂਗਰਸ ਵਾਲੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ | ਭਾਜਪਾ ਅਤੇ ਕਾਂਗਰਸ ਇਨ੍ਹਾਂ ਚੋਣਾਂ ਅੰਦਰ ਆਪਣੀ ਜਿੱਤ ਹਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੈਲੇਂਜ ਸਮਝਦੇ ਹਨ | ਕਾਂਗਰਸ, ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵਿਰੋਧੀ ਰੁਝਾਨ ਦੀ ਵੋਟ ਉਨ੍ਹਾਂ ਨੂੰ ਜ਼ਰੂਰ ਮਿਲੇਗੀ | ਉਹ ਫ਼ਾਜ਼ਿਲਕਾ ਅੰਦਰ ਕਿਸੇ ਕਿਸਮ ਦਾ ਵਿਕਾਸ ਨਾ ਹੋਣ ਬਾਰੇ ਆਮ ਆਦਮੀ ਪਾਰਟੀ 'ਤੇ ਦੋਸ਼ ਲਗਾ ਰਹੇ ਹਨ | ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਅੱਤ ਦੀ ਗਰਮੀ ਤੋਂ ਬਚਣ ਲਈ ਸਵੇਰ ਵੇਲੇ ਹੀ ਗਲੀਆਂ, ਮੁਹੱਲਿਆਂ ਅੰਦਰ ਪਹੁੰਚ ਜਾਂਦੇ ਹਨ | ਆਮ ਆਦਮੀ ਪਾਰਟੀ ਦੀ ਕਮਾਨ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਖ਼ੁਸ਼ਬੂ ਸਾਵਨਸੁੱਖਾ ਸਵਨਾ ਬੜੀ ਲਗਨ ਨਾਲ ਚੋਣ ਮੁਹਿੰਮ ਚਲਾ ਰਹੇ ਹਨ | ਵਾਰਡਾਂ ਵਿਚ ਔਰਤਾਂ ਵਲੋਂ ਵੀ ਸ੍ਰੀਮਤੀ ਖ਼ੁਸ਼ਬੂ ਸਵਨਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਕਾਂਗਰਸ ਦੀ ਕਮਾਨ ਜਿੱਥੇ ਸਾਰੇ ਉਮੀਦਵਾਰ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਖ਼ੁਦ ਕਰ ਰਹੇ ਹਨ ਉੱਥੇ ਹੀ ਸਾਂਸਦ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਹੋਰ ਆਗੂ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ | ਭਾਜਪਾ ਦੀ ਚੋਣ ਕਮਾਨ ਸਾਬਕਾ ਪੰਜਾਬ ਦੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਚਲਾ ਰਹੇ ਹਨ | ਉਹ ਬਾਜ਼ਾਰਾਂ ਅੰਦਰ ਦੁਕਾਨ-ਦੁਕਾਨ 'ਤੇ ਜਾ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੇ ਲੋਕ ਵਿਰੋਧੀ ਫ਼ੈਸਲੇ ਦਰਸਾ ਰਹੇ ਹਨ | ਉਹ ਆਪਣੇ ਚੋਣ ਪ੍ਰਚਾਰ ਮੌਕੇ ਆਉਂਦੀਆਂ ਵਿਧਾਨ ਸਭਾ ਚੋਣਾ ਅੰਦਰ ਭਾਜਪਾ ਦੀ ਸਰਕਾਰ ਬਣਨ ਦੇ ਵੀ ਗੁਣਗਾਨ ਕਰ ਰਹੇ ਹਨ | ਜ਼ਿਆਦਾਤਰ ਉਮੀਦਵਾਰ ਇਕ ਦੋ ਸਮਰਥਕਾਂ ਨਾਲ ਹੀ ਵੋਟਰਾਂ ਤੱਕ ਪਹੁੰਚ ਵਿਚ ਲੱਗਾ ਹੈ | ਉਮੀਦਵਾਰਾਂ ਦਾ ਕਹਿਣਾ ਹੈ ਕਿ ਕਿਸੇ ਪਰਿਵਾਰ ਅੰਦਰ ਸਿਆਸੀ ਆਗੂਆਂ ਨਾਲ ਕਿਸੇ ਕਾਰਨ ਮਤਭੇਦ ਹੋ ਸਕਦੇ ਹਨ, ਜਦ ਕਿ ਉਮੀਦਵਾਰ ਆਪਣਾ ਨਿੱਜੀ ਰਸੂਖ਼ ਵਰਤ ਕੇ ਪਾਰਟੀ ਵਿਰੋਧੀ ਵੋਟ ਵੀ ਆਪਣੇ ਤਰੀਕੇ ਨਾਲ ਲੈ ਸਕਦਾ ਹੈ | ਦੂਸਰੇ ਪਾਸੇ ਵੋਟਰ ਵੀ ਬਹੁਤ ਸਿਆਣਾ ਬਣਿਆ ਨਜ਼ਰ ਆ ਰਿਹਾ ਹੈ | ਕਿਉਂ ਕਿ ਪਿਛਲੇ ਸਾਲਾਂ ਅੰਦਰ ਦੇਸ਼ ਅੰਦਰ ਸਿਆਸੀ ਆਗੂਆਂ ਦੇ ਰਵੱਈਏ ਨੂੰ ਲੈ ਕੇ ਵੋਟਰ ਵੀ ਉਹ ਹੀ ਰਾਹ ਤੁਰ ਪਿਆ ਹੈ | ਵੋਟਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਸਿਆਸੀ ਆਗੂ ਨਿੱਜੀ ਹਿਤਾਂ ਲਈ ਪਾਰਟੀਆਂ ਬਦਲ ਸਕਦੇ ਹਨ, ਸਾਰੀ-ਸਾਰੀ ਉਮਰ ਇਕ ਪਾਰਟੀ ਅੰਦਰ ਪਿਛਲੀਆਂ ਕਈ ਪੀੜ੍ਹੀਆਂ ਨਿਭਾ ਗਈਆਂ, ਪਰ ਮੌਜੂਦਾ ਸਮੇਂ ਅੰਦਰ ਸਿਆਸੀ ਹਾਲਾਤ ਕੁੱਝ ਹੋਰ ਹੀ ਬਣ ਗਏ ਹਨ | ਵੋਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਆਗੂ ਆਪਣੀ ਪਾਰਟੀ ਪ੍ਰਤੀ ਵਫ਼ਾਦਾਰੀ ਪ੍ਰਗਟਾਉਂਦੇ ਸਨ, ਹੁਣ ਆਪਣੀ ਜ਼ਮੀਰ ਨੂੰ ਤਿਆਗ ਕੇ ਨਿੱਤ ਪਾਰਟੀਆਂ ਬਦਲਦੇ ਨਜ਼ਰ ਆਉਂਦੇ ਹਨ | ਫਿਰ ਵੋਟਰ ਕਿਉਂ ਕਿਸੇ ਉਮੀਦਵਾਰ ਨਾਲ ਆਪਸੀ ਸਤਿ ਸ੍ਰੀ ਅਕਾਲ ਗੁਆਏ | ਪਹਿਲਾਂ ਜਦੋਂ ਉਮੀਦਵਾਰ ਗਲੀਆਂ ਅੰਦਰ ਆਪਣੇ ਭਾਰੀ ਸਮਰਥਕਾਂ ਨਾਲ ਵੋਟਾਂ ਮੰਗਣ ਨਿਕਲਦੇ ਸਨ ਤਾਂ ਵੋਟਰ ਆਪਣੇ ਮਨ ਪਸੰਦ ਦੇ ਉਮੀਦਵਾਰ ਨੂੰ ਹਾਰਾਂ ਨਾਲ ਲੱਦ ਦਿੰਦੇ ਸਨ ਅਤੇ ਵੋਟਾਂ ਮੰਗਣ ਨਾਲ ਕਾਫ਼ਲੇ ਵਿਚ ਸ਼ਾਮਿਲ ਹੋ ਜਾਂਦੇ ਸਨ | ਪਰ ਹੁਣ ਵੋਟਰ ਹਰੇਕ ਉਮੀਦਵਾਰ ਨੂੰ ਹੀ ਗਲਵੱਕੜੀ ਵਿਚ ਲੈ ਕੇ ਆਪਣੀ ਦਿਲਾਸਾ ਰੂਪੀ ਵੋਟ ਉਸ ਦੀ ਜੇਬ ਵਿਚ ਪਾ ਕੇ ਤੋਰਦਾ ਹੈ | ਇਸ ਤਰ੍ਹਾਂ ਸਾਰੇ ਉਮੀਦਵਾਰ ਆਪਣੀ ਜਿੱਤ ਦਾ ਦਾਅਵਾ ਕਰਦੇ ਹਨ | ਬਾਕੀ ਚੋਣ ਨਤੀਜੇ ਹੀ ਵੋਟਰਾਂ ਦੇ ਅਸਲ ਫ਼ਤਵੇ ਨੂੰ ਦਰਸਾਉਣਗੇ |