ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਲਿਮਟਿਡ ਫ਼ਾਜ਼ਿਲਕਾ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਸ਼ੁਰੂ ਕੀਤਾ ਗਿਆ ਅਣਮਿਥੇ ਸਮੇਂ ਦਾ ਪੱਕਾ ਧਰਨਾ 12ਵੇਂ ਦਿਨ ਵੀ ਪੂਰੀ ਦਿ੍ੜ੍ਹਤਾ ਨਾਲ ਜਾਰੀ ਰਿਹਾ | ਦਿਨ-ਰਾਤ ਦੇ ਇਸ ਪੱਕੇ ਮੋਰਚੇ ਵਿਚ ਕਿਸਾਨਾਂ ਦਾ ਗ਼ੁੱਸਾ ਬੈਂਕ ਪ੍ਰਬੰਧਕਾਂ ਖ਼ਿਲਾਫ਼ ਲਗਾਤਾਰ ਵਧਦਾ ਜਾ ਰਿਹਾ ਹੈ | ਧਰਨੇ 'ਤੇ ਬੈਠੇ ਕਿਸਾਨਾਂ ਅਤੇ ਯੂਨੀਅਨ ਦੇ ਆਗੂਆਂ ਨੇ ਬੈਂਕ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਾਉਂਦਿਆਂ ਕਥਿਤ ਧਾਂਦਲੀਆਂ ਅਤੇ ਕਰਜ਼ੇ ਦੇ ਮੱਕੜ-ਜਾਲ ਨੂੰ ਦੋ ਸਕੇ ਭਰਾਵਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ | ਜ਼ਿਕਰਯੋਗ ਹੈ ਕਿ ਇਹ ਧਰਨਾ ਬੀਤੀ 11 ਮਈ ਤੋਂ ਸ਼ੁਰੂ ਹੋਇਆ ਸੀ, ਜੋ ਹੁਣ ਇਲਾਕੇ ਦੇ ਕਿਸਾਨਾਂ ਲਈ ਇਕ ਵੱਡਾ ਜਨ-ਅੰਦੋਲਨ ਬਣਦਾ ਜਾ ਰਿਹਾ ਹੈ | ਯੂਨੀਅਨ ਦੇ ਸਥਾਨਕ ਆਗੂ ਸੁਖਬੀਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਮਿ੍ਤਕ ਭਰਾਵਾਂ ਨੇ ਬੈਂਕ ਦਾ ਸਾਰਾ ਕਰਜ਼ਾ ਚੁਕਾਉਣ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ ਪਰ ਕਰਜ਼ਾ ਭਰਨ ਦੇ ਬਾਵਜੂਦ ਬੈਂਕ ਵਲੋਂ ਉਨ੍ਹਾਂ ਸਿਰ ਦੁਬਾਰਾ ਕਰਜ਼ਾ ਕੱਢ ਦਿੱਤਾ ਗਿਆ | ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਕਮੇਟੀ ਦੇ ਸੀਨੀਅਰ ਆਗੂਆਂ ਕਾਕਾ ਸਿੰਘ ਕੋਟਲਾ ਅਤੇ ਇੰਦਰਜੀਤ ਸਿੰਘ ਨੇ ਬੈਂਕ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਦੀ ਸਖ਼ਤ ਨਿੰਦਾ ਕੀਤੀ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਬੈਂਕ ਭੋਲੇ-ਭਾਲੇ ਕਿਸਾਨਾਂ ਨਾਲ ਬਹੁਤ ਵੱਡੀ ਧੋਖਾਧੜੀ ਅਤੇ ਘਪਲੇਬਾਜ਼ੀ ਕਰ ਰਿਹਾ ਹੈ | ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਬੈਂਕ ਦੀਆਂ ਅਜਿਹੀਆਂ ਲੋਕ-ਵਿਰੋਧੀ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ ਅਤੇ ਪੀੜਤਾਂ ਨੂੰ ਨਿਆਂ ਨਹੀਂ ਮਿਲਦਾ, ਉਦੋਂ ਤੱਕ ਬੈਂਕ ਦੇ ਬਾਹਰ ਇਹ ਪੱਕਾ ਮੋਰਚਾ ਇਸੇ ਤਰ੍ਹਾਂ ਦਿਨ-ਰਾਤ ਡਟਿਆ ਰਹੇਗਾ |