ਫ਼ਾਜ਼ਿਲਕਾ, 27 ਮਈ (ਦਵਿੰਦਰ ਪਾਲ ਸਿੰਘ)-ਸਮਰ ਮੇਲਾ ਪ੍ਰੋਗਰਾਮ ਤਹਿਤ ਪਿੰਡ ਹਸਤਾ ਕਲਾਂ ਵਿਖੇ ਆਂਗਣਵਾੜੀ ਵਰਕਰਾਂ ਵਲੋਂ ‘ਸਕੂਲ ਰੈਡੀਨੈੱਸ ਮੇਲੇ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੇਲੇ ਦਾ ਮੁੱਖ ਮਨੋਰਥ ਇਹ ਪਰਖਣਾ ਸੀ ਕਿ ਆਂਗਣਵਾੜੀ ਕੇਂਦਰਾਂ ਵਿਚ ਪੜ੍ਹਦੇ ਬੱਚੇ ਅਗਲੇਰੀ ਸਕੂਲੀ ਸਿੱਖਿਆ ਲਈ ਕਿੰਨੇ ਕੁ ਤਿਆਰ ਹਨ। ਮੇਲੇ ਦਾ ਪ੍ਰਬੰਧ ਆਂਗਣਵਾੜੀ ਵਰਕਰਾਂ ਕੁਲਵੰਤ ਕੌਰ, ਸਲਵਿੰਦਰ ਕੌਰ ਅਤੇ ਕੁਲਵੰਤ ਕੌਰ ਵਲੋਂ ਆਪਣੀਆਂ ਹੈਲਪਰਾਂ ਨਾਲ ਮਿਲ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ, ਜਿਸ ਵਿਚ ਪਿੰਡ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਵਿਸ਼ੇਸ਼ ਮੇਲੇ ਵਿਚ ‘ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ’ ਦੇ ਜ਼ੋਨਲ ਆਗੂ ਹਰਮੀਤ ਸਿੰਘ ਅਤੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਕੋਆਰਡੀਨੇਟਰ ਰੌਸ਼ਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਿੱਕੇ-ਨਿੱਕੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਮੇਲੇ ਦੌਰਾਨ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਨੂੰ ਜਾਂਚਣ ਲਈ 7 ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ ਸਨ। ਜਿੱਥੇ ਬੱਚਿਆਂ ਦੀ ਰਜਿਸਟਰੇਸ਼ਨ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਕੱਦ ਅਤੇ ਭਾਰ ਮਾਪਿਆ ਗਿਆ, ਉੱਥੇ ਹੀ ਬੱਚਿਆਂ ਦੇ ਸਰੀਰਕ, ਬੌਧਿਕ, ਭਾਸ਼ਾਈ, ਸਮਾਜਿਕ, ਭਾਵਨਾਤਮਿਕ ਅਤੇ ਗਣਿਤ ਨਾਲ ਸਬੰਧਿਤ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਦੇ ਆਧਾਰ ‘ਤੇ ਮੌਕੇ ‘ਤੇ ਹੀ ਬੱਚਿਆਂ ਦੇ ਰਿਪੋਰਟ ਕਾਰਡ ਭਰੇ ਗਏ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੱਚੇ ਨੂੰ ਕਿਸ ਖੇਤਰ ਵਿਚ ਹੋਰ ਮਦਦ ਜਾਂ ਸੁਧਾਰ ਦੀ ਲੋੜ ਹੈ। ਇਹ ਸਾਰੀ ਰਿਪੋਰਟ ਮਾਪਿਆਂ ਨਾਲ ਵੀ ਸਾਂਝੀ ਕੀਤੀ ਗਈ। ਇਸ ਤਰ੍ਹਾਂ ਦੇ ਰਚਨਾਤਮਿਕ ਆਯੋਜਨਾਂ ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਬਲ ਮਿਲਦਾ ਹੈ ਅਤੇ ਉਨ੍ਹਾਂ ਅੰਦਰ ਛੁਪੀ ਹੋਈ ਪ੍ਰਤਿਭਾ ਉੱਭਰ ਕੇ ਸਾਹਮਣੇ ਆਉਂਦੀ ਹੈ, ਜੋ ਕਿ ਭਵਿੱਖ ਵਿਚ ਉਨ੍ਹਾਂ ਦੀ ਪੜ੍ਹਾਈ ਦਾ ਮਜ਼ਬੂਤ ਆਧਾਰ ਬਣਦੀ ਹੈ। ਮੇਲੇ ਨੂੰ ਸਫਲ ਬਣਾਉਣ ਵਿਚ ਪ੍ਰਥਮ ਫਾਊਂਡੇਸ਼ਨ ਦੇ ਹਰਮੀਤ ਸਿੰਘ, ਰੌਸ਼ਨ ਸਿੰਘ, ਆਂਗਣਵਾੜੀ ਵਰਕਰਾਂ, ਮੁੱਖ ਅਧਿਆਪਕ ਰਜਿੰਦਰ ਕੁਮਾਰ ਤੇ ਉਨ੍ਹਾਂ ਦੇ ਸਕੂਲ ਸਟਾਫ਼, ਆਂਗਣਵਾੜੀ ਹੈਲਪਰਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਵਿਸ਼ੇਸ਼ ਤੇ ਸ਼ਲਾਘਾਯੋਗ ਯੋਗਦਾਨ ਰਿਹਾ।