ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਡਰੀਮਜ਼ ਇੰਸਟੀਚਿਊਟ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ 'ਵਿਸ਼ਵ ਤੰਬਾਕੂ ਰਹਿਤ ਦਿਵਸ' ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਹਰ ਸਾਲ 31 ਮਈ ਨੂੰ ਵਿਸ਼ਵ ਭਰ ਵਿਚ ਤੰਬਾਕੂ ਵਿਰੋਧੀ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਉਨ੍ਹਾਂ ਚਿੰਤਾ ਪ੍ਰਗਟਾਈ ਕਿ ਦੇਸ਼ ਦੇ 13 ਤੋਂ 18 ਸਾਲ ਤੱਕ ਦੇ ਬਹੁਤ ਸਾਰੇ ਬੱਚੇ ਤੰਬਾਕੂ ਦਾ ਸੇਵਨ ਸ਼ੁਰੂ ਕਰਕੇ ਹੌਲੀ-ਹੌਲੀ ਹੋਰ ਨਸ਼ਿਆਂ ਦੀ ਦਲਦਲ ਵਿਚ ਫਸ ਜਾਂਦੇ ਹਨ | ਉਨ੍ਹਾਂ 'ਕੋਟਪਾ' ਐਕਟ 2003 ਦੀਆਂ ਵੱਖ-ਵੱਖ ਧਾਰਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਤਕ ਥਾਵਾਂ 'ਤੇ ਤੰਬਾਕੂ ਦਾ ਸੇਵਨ, ਸਿੱਖਿਆ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਅੰਦਰ ਵਿੱਕਰੀ ਅਤੇ ਤੰਬਾਕੂ ਦਾ ਸਿੱਧਾ ਜਾਂ ਅਸਿੱਧਾ ਪ੍ਰਚਾਰ ਕਰਨਾ ਸਖ਼ਤ ਮਨਾ ਹੈ | ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਤੋਂ ਇਲਾਵਾ ਸਜ਼ਾ ਅਤੇ ਕੋਰਟ ਕੇਸ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ | ਤੰਬਾਕੂ ਦੇ ਮਾੜੇ ਪ੍ਰਭਾਵਾਂ 'ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸਾਹ, ਦਮਾ, ਬਲੱਡ ਪ੍ਰੈਸ਼ਰ, ਹਾਰਟ ਅਟੈਕ, ਸ਼ੂਗਰ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਬੀੜੀ-ਸਿਗਰਟ ਪੀਣ ਵਾਲਾ ਵਿਅਕਤੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ 'ਪੈਸਿਵ ਸਮੋਕਰ' ਬਣਾ ਕੇ ਨੁਕਸਾਨ ਪਹੁੰਚਾਉਂਦਾ ਹੈ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਇਹ ਆਦਤ ਛੱਡਣਾ ਚਾਹੁੰਦਾ ਹੈ ਤਾਂ ਉਹ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਚ ਮਾਹਿਰ ਡਾਕਟਰਾਂ ਦੀ ਸਲਾਹ ਲੈ ਸਕਦਾ ਹੈ | ਇਸ ਮੌਕੇ ਵਿਨੋਦ ਖੁਰਾਨਾ, ਮਨਬੀਰ ਸਿੰਘ ਅਤੇ ਦਿਵੇਸ਼ ਕੁਮਾਰ ਨੇ ਵੀ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦੇ ਅਖੀਰ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਸਾਰੀ ਉਮਰ ਕਿਸੇ ਵੀ ਰੂਪ ਵਿਚ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਹੋਰਨਾਂ ਨੂੰ ਵੀ ਇਸ ਵਿਰੁੱਧ ਜਾਗਰੂਕ ਕਰਨ ਦੀ ਸਹੁੰ ਚੁਕਾਈ ਗਈ | ਇਸ ਮੌਕੇ ਸੰਸਥਾ ਦੇ ਸੰਚਾਲਕ ਰਿਸ਼ਭ ਬਾਘਲਾ, ਜਸਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ |