ਫ਼ਾਜ਼ਿਲਕਾ, 5 ਜੂਨ (ਅਮਰਜੀਤ ਸ਼ਰਮਾ)- ਪੰਜਾਬ ਦੇ ਕਰੀਬ 3.50 ਲੱਖ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ 'ਤੇ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤਹਿਤ 2.59 ਗੁਣਾਂਕ ਨੂੰ ਇੰਨ-ਬਿੰਨ ਲਾਗੂ ਕਰਵਾਉਣ, 18 ਫ਼ੀਸਦੀ ਬਕਾਇਆ ਮਹਿੰਗਾਈ ਭੱਤਾ ਤੁਰੰਤ ਰਿਲੀਜ਼ ਕਰਨ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ 8 ਅਪ੍ਰੈਲ 2026 ਦੇ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਜੁਆਇੰਟ ਪੈਨਸ਼ਨਰਜ਼ ਸਾਂਝਾ ਫ਼ਰੰਟ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਤਿੱਖਾ ਸੰਘਰਸ਼ ਉਲੀਕਿਆ ਗਿਆ | ਇਸ ਮੁਹਿੰਮ ਤਹਿਤ ਫ਼ਰੰਟ ਵਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਦੇ ਬਾਹਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਜ਼ੋਰਦਾਰ ਗੇਟ ਰੈਲੀ ਕੀਤੀ ਗਈ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਗੇਟ ਰੈਲੀ ਦੀ ਸਮਾਪਤੀ ਤੋਂ ਬਾਅਦ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ 'ਗੌਰਮਿੰਟ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ' ਦਾ ਇੱਕ ਵਿਸਥਾਰਪੂਰਵਕ ਮੰਗ ਪੱਤਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਫ਼ਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਡਾ.ਮਨਦੀਪ ਕੌਰ ਨੂੰ ਸੌਂਪਿਆ ਗਿਆ | ਇਸ ਮੌਕੇ ਗੌਰਮਿੰਟ ਪੈਨਸ਼ਨਰਜ਼ ਸਾਂਝਾ ਫ਼ਰੰਟ ਫ਼ਾਜ਼ਿਲਕਾ ਦੇ ਵਫ਼ਦ ਦੀ ਅਗਵਾਈ ਫ਼ਰੰਟ ਦੇ ਸੂਝਵਾਨ ਕਨਵੀਨਰਜ਼ ਬੂਟਾ ਸਿੰਘ ਬਰਾੜ, ਹਰਭਜਨ ਸਿੰਘ ਖੁੰਗਰ, ਰਾਮ ਕਿਸ਼ਨ ਧੁਨਕੀਆ ਅਤੇ ਗੁਰਮੀਤ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਵਫ਼ਦ ਵਿਚ ਸਾਥੀ ਪ੍ਰੇਮ ਕੁਮਾਰ, ਰਾਜ ਕੰਵਰ ਦੀਵਾਨ, ਸੁਭਾਸ਼ ਚੰਦਰ ਸ਼ਰਮਾ, ਜੀਤ ਛਾਬੜਾ, ਸਰਵਨ ਸਿੰਘ, ਜੰਗੀਰ ਸਿੰਘ, ਸੁਰਿੰਦਰਪਾਲ ਮਦਾਨ, ਰਵਿੰਦਰ ਪਾਲ ਸਿੰਘ, ਹਰਬੰਸ ਲਾਲ ਕਟਾਰੀਆ, ਈਸ਼ਰ ਦਾਸ, ਮਾਹਲਾ ਰਾਮ, ਸਤਨਾਮ ਚੰਦ ਕੰਬੋਜ, ਹਰਭਜਨ ਲਾਲ ਕੰਬੋਜ ਅਤੇ ਨਾਇਬ ਸਿੰਘ ਸੈਣੀ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਲ ਹੋਏ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |