ਟੋਹਾਣਾ, 5 ਜੂਨ (ਮਨਜੀਤ ਸਿੰਘ) - ਫਤਿਹਾਬਾਦ ਦੀ ਐਸ.ਪੀ. ਨਿਕਿਤਾ ਖੱਟਰ ਨੇ ਵੱਡੀ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਟੋਹਾਣਾ ਸੀ.ਆਈ.ਏ. ਇੰਚਾਰਜ ਅਸ਼ੋਕ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ | ਉਨ੍ਹਾਂ ਦੀ ਥਾਂ ਇੰਸਪੈਕਟਰ ਕੁਲਦੀਪ ਮੋਰ ਨੂੰ ਟੋਹਾਣਾ ਸੀ.ਆਈ.ਏ. ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਪੁਲਿਸ ਵਿਭਾਗ ਵੱਲੋਂ ਕੀਤੇ ਗਏ ਇਨ੍ਹਾਂ ਤੁਰੰਤ ਬਦਲਾਵਾਂ ਨੂੰ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਅਪਰਾਧਿਕ ਗਤੀਵਿਧੀਆਂ 'ਤੇ ਨਕੇਲ ਕੱਸਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ | ਸੂਤਰਾਂ ਮੁਤਾਬਕ ਭੂਨਾ ਖੇਤਰ ਵਿੱਚ ਹਾਲ ਹੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਜਵਾਬਦੇਹੀ ਤੈਅ ਕਰਦਿਆਂ ਇਹ ਕਾਰਵਾਈ ਕੀਤੀ ਹੈ | ਫਤਿਹਾਬਾਦ ਪੁਲਿਸ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਮਹਿਕਮੇ ਵਿੱਚ ਚਰਚਾਵਾਂ ਦਾ ਦੌਰ ਜਾਰੀ ਹੈ ਅਤੇ ਨਵੇਂ ਅਧਿਕਾਰੀਆਂ ਤੋਂ ਖੇਤਰ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ |