ਫ਼ਾਜ਼ਿਲਕਾ, 6 ਜੂਨ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ 'ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ' ਦੇ ਸੂਬਾਈ ਆਗੂਆਂ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਡਾ.ਅਦਿੱਤੀ ਸਲਾਰੀਆ ਨਾਲ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਦੇ ਹੱਲ ਲਈ ਇਕ ਉੱਚ ਪੱਧਰੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਕਨਵੀਨਰ ਹਰਵਿੰਦਰ ਸਿੰਘ ਛੀਨਾ, ਗੁਰਦੇਵ ਸਿੰਘ ਢਿੱਲੋਂ, ਰਣਦੀਪ ਸਿੰਘ ਫ਼ਤਿਹਗੜ੍ਹ, 2211 ਹੈੱਡ ਪ੍ਰਧਾਨ ਸਰਬਜੀਤ ਕੌਰ ਨਵਾਂਸ਼ਹਿਰ ਅਤੇ ਪ੍ਰੈੱਸ ਸਕੱਤਰ ਰਵਿੰਦਰ ਸ਼ਰਮਾ ਸਮੇਤ ਹੋਰਨਾਂ ਆਗੂਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਐਨ.ਐੱਚ.ਐਮ ਅਧੀਨ ਕੰਮ ਕਰਦੀਆਂ ਐਮ.ਪੀ.ਡਬਲਯੂ ਫੀਮੇਲ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਰਾਬਰ ਤਨਖ਼ਾਹ ਦਿਵਾਉਣ ਸਬੰਧੀ ਨਿਭਾਏ ਗਏ ਹਾਂ-ਪੱਖੀ ਰੋਲ ਲਈ ਡਾਇਰੈਕਟਰ ਡਾ.ਅਦਿੱਤੀ ਸਲਾਰੀਆ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ | ਆਗੂਆਂ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮ ਕੁੜੀਆਂ ਨੂੰ ਤਕਰੀਬਨ 18 ਸਾਲਾਂ ਦੇ ਲੰਮੇ ਸਮੇਂ ਤੋਂ ਬਾਅਦ ਅੰਸ਼ਕ ਜਿੱਤ ਦੇ ਰੂਪ ਵਿਚ ਇਨਸਾਫ਼ ਮਿਲਿਆ ਹੈ | ਇਸ ਮੌਕੇ ਜਥੇਬੰਦੀ ਨੇ ਮੁਲਾਜ਼ਮਾਂ ਦੀਆਂ ਹੋਰਨਾਂ ਮੁੱਖ ਮੰਗਾਂ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਮਲਟੀਪਰਪਜ਼ ਕੇਡਰ ਦਾ ਨਾਮ ਬਦਲਣ ਸਬੰਧੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ | ਇਸੇ ਤਰ੍ਹਾਂ ਮਲਟੀਪਰਪਜ਼ ਕੇਡਰ ਦੇ ਸਫ਼ਰੀ ਭੱਤੇ, ਵਰਦੀ ਭੱਤੇ ਅਤੇ ਡਾਈਟ ਭੱਤੇ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਮੁੜ ਬਹਾਲ ਕਰਨ ਸਮੇਤ ਪਦ ਉੱਨਤੀਆਂ ਨੂੰ ਸਮਾਂਬੱਧ ਕਰਨ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ | ਮੀਟਿੰਗ ਦੌਰਾਨ ਇਹ ਭਰੋਸਾ ਦਿੱਤਾ ਗਿਆ ਕਿ ਮਲਟੀਪਰਪਜ਼ ਕੇਡਰ ਮੇਲ ਦੇ ਸਿਲੈੱਕਟਿਡ 270 ਉਮੀਦਵਾਰਾਂ ਅਤੇ ਫੀਮੇਲ ਕੇਡਰ ਦੇ 72 ਉਮੀਦਵਾਰਾਂ ਨੂੰ ਆਉਂਦੇ ਦਿਨਾਂ ਵਿਚ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਰਹੇ ਹਨ | ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਨੇ ਸਪਸ਼ਟ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਮਸਲਿਆਂ ਦਾ ਹੱਲ ਸਮੇਂ ਸਿਰ ਨਾ ਕੀਤਾ ਗਿਆ ਤਾਂ ਮੁਲਾਜ਼ਮ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਇਸ ਅਹਿਮ ਮੀਟਿੰਗ ਦੌਰਾਨ ਜਿੱਥੇ ਦਫ਼ਤਰੀ ਸਟਾਫ਼ ਵਲੋਂ ਪੀ.ਏ. ਪਰਮਿੰਦਰ ਸਿੰਘ, ਸੁਪਰਡੈਂਟ ਸੂਰਜ ਪ੍ਰਕਾਸ਼, ਸੁਪਰਡੈਂਟ ਗੁਲਸ਼ਨ ਵਰਮਾ ਅਤੇ ਤੋਸਪਿੰਦਰ ਸਿੰਘ ਹਾਜ਼ਰ ਸਨ, ਉੱਥੇ ਹੀ ਜਥੇਬੰਦੀ ਵਲੋਂ ਗੁਰਦੀਪ ਕੌਰ, ਜਸਵੀਰ ਕੌਰ, ਜਗਵੰਤ ਸਿੰਘ ਸਮੇਤ ਹੋਰ ਵੀ ਕਈ ਪ੍ਰਮੁੱਖ ਆਗੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |