ਫ਼ਾਜ਼ਿਲਕਾ, 11 ਜੂਨ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ, ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ. ਸੁਨੀਤਾ ਕੰਬੋਜ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ.ਡੱਬਵਾਲਾ ਕਲਾਂ ਡਾ.ਪੰਕਜ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਚੂਹੜੀ ਵਾਲਾ ਚਿਸ਼ਤੀ ਵਿਖੇ ਮਲੇਰੀਆ ਬੁਖ਼ਾਰ ਤੋਂ ਬਚਾਓ ਅਤੇ ਰੋਕਥਾਮ ਸਬੰਧੀ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਮਲੇਰੀਆ ਦੇ ਲੱਛਣਾਂ, ਬਚਾਅ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਸਿਹਤ ਕਰਮਚਾਰੀਆਂ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਮਲੇਰੀਆ ਬੁਖ਼ਾਰ ਦਾ ਟੈੱਸਟ ਅਤੇ ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਅਪੀਲ ਕੀਤੀ ਕਿ ਸਾਰਿਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਰੋਜ਼ਾਨਾ ਕਰਨੀ ਚਾਹੀਦੀ ਹੈ ਅਤੇ ਕਿਤੇ ਵੀ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਖੜ੍ਹਾ ਪਾਣੀ ਹੀ ਮੱਛਰਾਂ ਦੇ ਪੈਦਾ ਹੋਣ ਦਾ ਮੁੱਖ ਕਾਰਨ ਬਣਦਾ ਹੈ | ਮਲੇਰੀਆ ਫੈਲਾਉਣ ਵਾਲੇ ਮੱਛਰ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ, ਕਬਾੜ, ਟਾਇਰਾਂ ਅਤੇ ਗਮਲਿਆਂ ਵਿਚ ਜਮ੍ਹਾ ਫ਼ਾਲਤੂ ਪਾਣੀ ਵਿਚ ਪੈਦਾ ਹੁੰਦੇ ਹਨ | ਇਸ ਜਾਗਰੂਕਤਾ ਕੈਂਪ ਦੌਰਾਨ ਬਹੁ-ਮੰਤਵੀ ਸਿਹਤ ਕਰਮਚਾਰੀ ਰਵਿੰਦਰ ਸ਼ਰਮਾ, ਬਹੁ-ਮੰਤਵੀ ਸਿਹਤ ਕਰਮਚਾਰੀ ਸ੍ਰੀਮਤੀ ਕਿ੍ਸ਼ਨਾ ਰਾਣੀ ਅਤੇ ਆਸ਼ਾ ਵਰਕਰ ਛਿੰਦਰ ਪਾਲ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਨੇ ਲੋਕਾਂ ਨੂੰ ਸਿਹਤ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ |