ਮੰਡੀ ਅਰਨੀਵਾਲਾ 12 ਜੂਨ ਨਿਸ਼ਾਨ ਸਿੰਘ ਮੋਹਲ਼ਾ)-ਬੀਤੇ ਕੱਲ੍ਹ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਭਰੇ ਚੱਕਰਵਾਤ ਚੱਲਣ ਕਰਕੇ ਪਿੰਡ ਮੂਲਿਆ ਵਾਲੀ ਵਿਚ ਵੱਡੇ ਪੱਧਰ 'ਤੇ ਕਿਸਾਨਾਂ ਅਤੇ ਪਿੰਡ ਵਾਸੀਆਂ ਦਾ ਨੁਕਸਾਨ ਹੋਇਆ ਹੈ ਹਾਲਾਂਕਿ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ | ਤੇਜ਼ ਤੂਫ਼ਾਨ ਅਤੇ ਚੱਕਰਵਾਤ ਨਾਲ ਕਈ ਘਰਾਂ ਦੀਆਂ ਕੰਧਾਂ ਅਤੇ ਮਕਾਨ ਡਿਗ ਪਏ ਹਨ | ਇਸੇ ਤਰ੍ਹਾਂ ਕਈ ਮਕਾਨਾਂ ਦੀਆਂ ਛੱਤਾਂ ਵੀ ਉੱਡ ਗਈਆਂ ਹਨ | ਪਿੰਡ ਵਾਸੀ ਸਤਨਾਮ ਸਿੰਘ ਅਤੇ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਸ਼ੂਆਂ ਵਾਲੇ ਸ਼ੈੱਡ ਦੀ ਛੱਤ ਕਈ ਫੁੱਟ ਦੂਰ ਜਾ ਕੇ ਡਿੱਗੀ ਹੈ | ਉਨ੍ਹਾਂ ਦੱਸਿਆ ਕਿ ਛੱਤਾਂ ਦੇ ਗਾਡਰ ਅਜੇ ਵੀ ਮਕਾਨਾਂ ਉੱਤੇ ਪਏ ਹੋਏ ਹਨ | ਪਿੰਡ ਵਾਸੀ ਭਗਵੰਤ ਸਿੰਘ ਵੈਰੜ ਨੇ ਦੱਸਿਆ ਕਿ ਉਸ ਦੇ ਘਰ ਦੀ ਕਰੀਬ 200 ਫੁੱਟ ਲੰਬੀ ਚਾਰ ਦੀਵਾਰੀ ਵਾਲੀ ਕੰਧ ਜੋ ਬਹੁਤ ਮਜ਼ਬੂਤੀ ਨਾਲ ਬਣੀ ਹੋਈ ਸੀ ਉਹ ਵੀ ਡਿਗ ਪਈ ਹੈ | ਇਸੇ ਤਰ੍ਹਾਂ ਉਸ ਦੇ ਖੇਤ ਵਿਚ ਲੱਗੇ ਹੋਏ ਸੋਲਰ ਸਿਸਟਮ ਦੀ ਨੁਕਸਾਨਿਆ ਗਿਆ ਹੈ | ਸੋਲਰ ਸਿਸਟਮ ਜੋ ਕਿ ਸੀਮੈਂਟ ਵਿਚ ਚਿਣਾਈ ਕਰਕੇ ਲਗਾਇਆ ਗਿਆ ਸੀ ਚੱਕਰਵਾਤ ਨੇ ਉਸ ਨੰੂ ਵੀ ਉਖੇੜ ਕੇ ਚਕਨਾਚੂਰ ਕਰ ਦਿੱਤਾ ਹੈ | ਉਸ ਸਮੇਤ ਪਿੰਡ ਦੇ ਕਈ ਕਿਸਾਨਾਂ ਦੇ ਜ਼ਾਮਨ ਅਤੇ ਅਮਰੂਦਾਂ ਦੇ ਬੂਟੇ ਜੜੋ ਉਖੇੜ ਦਿੱਤੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਚੱਕਰਵਾਤ ਪਿੰਡ ਦੇ ਸਿਰਫ਼ ਦੋ ਤੋਂ ਤਿੰਨ ਕਿੱਲੋਮੀਟਰ ਘੇਰੇ ਦੇ ਵਿਚ ਹੀ ਰਿਹਾ ਅਤੇ ਇਸ ਦੀ ਰਫ਼ਤਾਰ 80 ਕਿੱਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋ ਸਕਦੀ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨਾਂ ਦੇ ਜ਼ਾਮਨ ਦੇ ਬਾਗ਼ ਜੋ ਕਈ ਸਾਲ ਪੁਰਾਣੇ ਹਨ ਉਹ ਇਸ ਚੱਕਰਵਾਤ ਕਰਕੇ ਪ੍ਰਭਾਵਿਤ ਹੋਏ ਹਨ | ਇਸ ਪਿੰਡ ਦੇ ਕਿਸਾਨਾਂ ਦੇ ਜ਼ਾਮਨ ਪੂਰੇ ਭਾਰਤ ਵਿਚ ਆਪਣੀ ਕੁਆਲਿਟੀ ਕਰਕੇ ਪ੍ਰਸਿੱਧ ਹਨ | ਕਿਸਾਨਾਂ ਨੇ ਕਿਹਾ ਕਿ ਪਿੰਡ ਵਿਚ ਹੋਏ ਨੁਕਸਾਨ ਦਾ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ |