ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ.ਕਵਿਤਾ ਸਿੰਘ ਅਤੇ ਜ਼ਿਲ੍ਹਾ ਐਪੀਡੈਮਿਓਲੋਜਿਸਟ ਡਾ.ਸੁਨੀਤਾ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਬ ਸੈਂਟਰ ਟਾਹਲੀ ਵਾਲਾ ਬੋਦਲਾ ਵਿਖੇ ਪਿੰਡ ਵਾਸੀਆਂ ਨੂੰ ਮਲੇਰੀਆ ਬੁਖ਼ਾਰ ਤੋਂ ਬਚਾਉਣ ਲਈ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਡੱਬਵਾਲਾ ਕਲਾਂ ਡਾ.ਪੰਕਜ ਚੌਹਾਨ, ਆਮ ਆਦਮੀ ਕਲੀਨਿਕ ਟਾਹਲੀ ਵਾਲਾ ਬੋਦਲਾ ਦੀ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ.ਸ਼ਾਇਨਾ ਕਟਾਰੀਆ ਦੀ ਯੋਗ ਅਗਵਾਈ ਅਤੇ ਐੱਸ.ਆਈ.ਵਿਜੇ ਕੁਮਾਰ ਨਾਗਪਾਲ ਦੇ ਮਾਰਗਦਰਸ਼ਨ ’ਚ ਸੰਪੰਨ ਹੋਇਆ। ਕੈਂਪ ਦੌਰਾਨ ਸਿਹਤ ਵਿਭਾਗ ਵਲੋਂ ਮਲੇਰੀਆ ਦੇ ਲੱਛਣਾਂ, ਬਚਾਅ ਅਤੇ ਇਸ ਦੇ ਮੁਫ਼ਤ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਦੌਰਾਨ ਸਿਹਤ ਕਰਮਚਾਰੀ ਬਲਦੇਵ ਰਾਜ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਬੁਖ਼ਾਰ ਮਲੇਰੀਆ ਹੋ ਸਕਦਾ ਹੈ, ਇਸ ਲਈ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ ਅਤੇ ਆਲੇ-ਦੁਆਲੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕਿਤੇ ਵੀ ਪਾਣੀ ਜਮਾ ਨਾ ਹੋਣ ਦੇਣ, ਕਿਉਂਕਿ ਖੜ੍ਹੇ ਪਾਣੀ ਵਿਚ ਹੀ ਮੱਛਰ ਪੈਦਾ ਹੁੰਦੇ ਹਨ। ਸਿਹਤ ਮਾਹਿਰਾਂ ਨੇ ਦੱਸਿਆ ਕਿ ਬੁਖ਼ਾਰ ਹੋਣ ਦੀ ਸੂਰਤ ਵਿਚ ਮਰੀਜ਼ ਨੂੰ ਪੈਰਾਸੀਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ ਅਤੇ ਸਿਰ ’ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਮਲੇਰੀਆ ਬੁਖ਼ਾਰ ਦਾ ਟੈੱਸਟ ਅਤੇ ਸੰਪੂਰਨ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੇ ਕੁਮਾਰ, ਸੰਦੀਪ ਕੁਮਾਰ, ਆਸ਼ਾ ਵਰਕਰ ਸੀਮਾ, ਰਾਣੀ, ਸੀਮਾ ਕੰਬੋਜ, ਸੀ.ਏ. ਕੈਲਾਸ਼ ਰਾਣੀ, ਬਿਮਲਾ ਰਾਣੀ, ਪਰਵਿੰਦਰ ਕੌਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।