07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਅਬੋਹਰ ’ਚ ਨਸ਼ਾ ਵਿਰੋਧੀ ਮੁਹਿੰਮ ਫ਼ੇਲ੍ਹ, ਨਹਿਰੂ ਪਾਰਕ ਨੇੜੇ ਬੇਸੁੱਧ ਹਾਲਤ ’ਚ ਮਿਲਿਆ ਨੌਜਵਾਨ, ਲੋਕਾਂ ’ਚ ਰੋਸ

Ad Position 21
No active advertisement
ਅਜੀਤ ਡੈਸਕ 21-06-2026
ਅਬੋਹਰ, 20 ਜੂਨ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਅਬੋਹਰ ਸ਼ਹਿਰ ਵਿਚ ਪੂਰੀ ਤਰ੍ਹਾਂ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ਵਿਚ ਆਏ ਦਿਨ ਨਸ਼ਾ ਪੀੜਤਾਂ ਦੇ ਸੜਕਾਂ ’ਤੇ ਬੇਸੁੱਧ ਪਏ ਹੋਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਪਿਛਲੇ ਤਿੰਨ ਦਿਨਾਂ ਅੰਦਰ ਹੀ ਅਜਿਹੀਆਂ ਤਿੰਨ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਨਸ਼ੇੜੀਆਂ ਦੀ ਇਸ ਹਾਲਤ ਨੂੰ ਦੇਖ ਕੇ ਸਥਾਨਕ ਲੋਕਾਂ ਵਿਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵਲੋਂ ਆਏ ਦਿਨ ਨਸ਼ਾ ਤਸਕਰਾਂ ਨੂੰ ਫੜ ਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਪਰ ਇਸ ਅਲਾਮਤ ’ਤੇ ਪੂਰੀ ਤਰ੍ਹਾਂ ਲਗਾਮ ਨਹੀਂ ਕਸੀ ਜਾ ਸਕੀ। ਤਾਜ਼ਾ ਜਾਣਕਾਰੀ ਅਨੁਸਾਰ ਅਬੋਹਰ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਨਹਿਰੂ ਪਾਰਕ ਅਤੇ ਅਗਰਸੈਨ ਚੌਂਕ ਨੇੜੇ ਜਿੱਥੇ ਹਰ ਵੇਲੇ ਪੁਲਿਸ ਦਾ ਪਹਿਰਾ ਰਹਿੰਦਾ ਹੈ, ਦਿਨ-ਦਿਹਾੜੇ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਬੇਸੁੱਧ ਪਿਆ ਮਿਲਿਆ। ਉਸ ਨੂੰ ਆਪਣੀ ਕੋਈ ਹੋਸ਼ ਨਹੀਂ ਸੀ। ਇਹ ਦੇਖ ਕੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ‘ਨਰ ਸੇਵਾ ਨਰਾਇਣ ਸੇਵਾ ਸੰਮਤੀ’ ਅਤੇ ‘112 ਪੁਲਿਸ’ ਦੀ ਟੀਮ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਸੰਮਤੀ ਮੈਂਬਰ ਬਿੱਟੂ ਨਰੂਲਾ ਦੀ ਮਦਦ ਨਾਲ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵਾਰਡ ਨੰਬਰ 13 ਦੇ ਕੌਂਸਲਰ ਸੰਨ੍ਹੀ ਵਾਟਸ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਸ਼ਹਿਰ ਵਿਚ ਦਿਨੋਂ-ਦਿਨ ਵਧ ਰਹੇ ਨਸ਼ੇ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਅਜਿਹੇ ਨਸ਼ੇੜੀ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਦੇਖਣ ਨੂੰ ਮਿਲਦੇ ਸਨ, ਪਰ ਹੁਣ ਤਾਂ ਸ਼ਹਿਰ ਦੇ ਭਰੇ-ਬਾਜ਼ਾਰਾਂ ਵਿਚ ਲੋਕ ਨਸ਼ਾ ਕਰਕੇ ਡਿੱਗੇ ਪਏ ਮਿਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਨਸ਼ਾ ਖ਼ਤਮ ਕਰਨ ਦੇ ਦਾਅਵੇ ਬਿਲਕੁਲ ਝੂਠੇ ਸਾਬਤ ਹੋ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਸ਼ਾ ਤਸਕਰਾਂ ’ਤੇ ਸਖ਼ਤੀ ਨਾਲ ਲਗਾਮ ਲਗਾਉਣੀ ਚਾਹੀਦੀ ਹੈ। ਸੰਮਤੀ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਕਰੀਬ 40 ਸਾਲਾ ਨੌਜਵਾਨ ਪੂਰੀ ਤਰ੍ਹਾਂ ਬੇਸੁੱਧ ਸੀ, ਜਿਸ ਨੇ ਭਾਰੀ ਮਾਤਰਾ ਵਿਚ ਨਸ਼ਾ ਕੀਤਾ ਹੋਇਆ ਸੀ। ਫ਼ਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨਸ਼ੇ ਦਾ ਆਦੀ ਜਾਪਦਾ ਹੈ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਵਾਰਿਸਾਂ ਦਾ ਪਤਾ ਲੱਗਦਿਆਂ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਆਧੁਨਿਕ ਯੋਗਾ ਦੇ ਨਾਲ ਅਸੀਂ ਯੋਗ ਦੀ ਅਸਲ ਆਤਮਾ ਤੋਂ ਦੂਰ ਹੋ ਰਹੇ ਹਾਂ-ਮਾਨਿਕ ਡੇਮਲਾ ਅਗਲੀ ਖ਼ਬਰ ਸਬ ਸੈਂਟਰ ਟਾਹਲੀ ਵਾਲਾ ਬੋਦਲਾ ਵਿਖੇ ਲਗਾਇਆ ਗਿਆ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ
Ad Position 24
No active advertisement