ਫ਼ਾਜ਼ਿਲਕਾ, 22 ਜੂਨ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ, ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਨਿਗਰਾਨੀ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਦੀ ਅਗਵਾਈ ਹੇਠ ਬਲਾਕ ਜੰਡਵਾਲਾ ਭੀਮੇਸ਼ਾਹ ਅਤੇ ਖੂਈ ਖੇੜਾ ਦੀਆਂ ਐਨ.ਐੱਮ.ਕਰਮਚਾਰੀਆਂ ਦੀ ਇਕ ਅਹਿਮ ਬੈਠਕ ਸਿਵਲ ਸਰਜਨ ਦਫ਼ਤਰ ਫ਼ਾਜ਼ਿਲਕਾ ਵਿਖੇ ਆਯੋਜਿਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰਿੰਕੂ ਚਾਵਲਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਖ਼ਸਰਾ ਅਤੇ ਰੁਬੇਲਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਤਹਿਤ ਜ਼ਿਲ੍ਹੇ ਵਿਚ 100 ਫ਼ੀਸਦੀ ਕਵਰੇਜ ਯਕੀਨੀ ਬਣਾਉਣ ਅਤੇ 95 ਫ਼ੀਸਦੀ ਤੋਂ ਵੱਧ ਟੀਕਾਕਰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਦੇ ਅੰਤਰਗਤ ਐੱਮ.ਆਰ.ਦੀਆਂ ਦੋਵੇਂ ਖ਼ੁਰਾਕਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਪਹਿਲੀ ਖ਼ੁਰਾਕ 9 ਤੋਂ 12 ਮਹੀਨੇ ਦੀ ਉਮਰ ਵਿਚ ਅਤੇ ਦੂਜੀ ਖ਼ੁਰਾਕ 16 ਤੋਂ 24 ਮਹੀਨੇ ਦੀ ਉਮਰ ਵਿਚ ਲਗਾਈ ਜਾਂਦੀ ਹੈ। ਉਨ੍ਹਾਂ ਸਟਾਫ਼ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਆਪਣੇ-ਆਪਣੇ ਖੇਤਰ ਵਿਚ ਟੀਕਾਕਰਨ ਤੋਂ ਵਾਂਝੇ ਰਹਿ ਗਏ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ। ਖ਼ਸਰਾ ਅਤੇ ਰੁਬੇਲਾ ਦੇ ਮੁਕੰਮਲ ਖ਼ਾਤਮੇ ਲਈ ਐੱਮ.ਆਰ.-1 ਅਤੇ ਐੱਮ.ਆਰ.-2 ਦੀ 100 ਫ਼ੀਸਦੀ ਕਵਰੇਜ ਲਾਜ਼ਮੀ ਹੈ। ਡਾ. ਚਾਵਲਾ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨਾ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੇ ਦਾਇਰੇ ਨੂੰ ਮਜ਼ਬੂਤ ਕਰਨਾ ਹੈ। ਜਿਨ੍ਹਾਂ ਬੱਚਿਆਂ ਜਾਂ ਗਰਭਵਤੀ ਔਰਤਾਂ ਦਾ ਕਿਸੇ ਕਾਰਨ ਟੀਕਾਕਰਨ ਅਧੂਰਾ ਰਹਿ ਗਿਆ ਹੈ, ਉਸ ਨੂੰ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਸਿਹਤ ਵਿਭਾਗ ਕੋਲ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਸਾਰੇ ਲੋੜੀਂਦੇ ਟੀਕੇ ਉਪਲਬਧ ਹਨ। ਇਸ ਮੌਕੇ ਡਾ.ਰਾਜਵੀਰ ਕੰਬੋਜ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ ਅਤੇ ਦਿਵੇਸ਼ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।