ਜਲਾਲਾਬਾਦ, 29 ਜੂਨ (ਕਰਨ ਚੁਚਰਾ)-ਮਾਤਾ ਗੁਜਰੀ ਪਬਲਿਕ ਸਕੂਲ ਵਿਚ ਇਕ ਇੰਟਰ-ਸਕੂਲ ‘ਜੰਬਲ ਟੇਬਲ’ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਤੇਜ਼ ਗਣਨਾ, ਆਤਮ-ਵਿਸ਼ਵਾਸ ਅਤੇ ਬੁੱਧੀਮਾਨੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮਨਾਂ ਵਿਚੋਂ ਗਣਿਤ ਦਾ ਡਰ ਦੂਰ ਕਰਨਾ, ਇਸ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦੀ ਮਾਨਸਿਕ ਤੇ ਸੋਚਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਸੀ। ਮੁਕਾਬਲੇ ਦੌਰਾਨ ਸਕੂਲ ਦੇ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਤੇਜ਼ ਗਿਣਤੀ ਕਾਬਲੀਅਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਨਤੀਜਿਆਂ ਅਨੁਸਾਰ ਪਹਿਲਾ ਸਥਾਨ ਜੁਝਾਰ ਹਾਊਸ ਦੀ ਮਨੰਤ ਨੇ ਹਾਸਲ ਕੀਤਾ। ਦੂਜੇ ਸਥਾਨ ’ਤੇ ਅਜੀਤ ਹਾਊਸ ਦੀ ਸਾਕਸ਼ੀ ਰਹੀ। ਜਦਕਿ ਤੀਜਾ ਸਥਾਨ ਜ਼ੋਰਾਵਰ ਹਾਊਸ ਦੀ ਗੁਰਲੀਨ ਨੇ ਪ੍ਰਾਪਤ ਕੀਤਾ। ਚੌਥਾ ਸਥਾਨ ਅਜੀਤ ਹਾਊਸ ਦੇ ਵਰਦਾਨ ਨੇ ਹਾਸਲ ਕੀਤਾ। ਪੰਜਵੇਂ ਸਥਾਨ ਲਈ ਜੁਝਾਰ ਹਾਊਸ ਦੇ ਅਗਮ ਅਤੇ ਅਨੁਰਾਗ ਦੇ ਨਾਲ ਅਜੀਤ ਹਾਊਸ ਦੇ ਗੁਰਸਿਰਤ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਨੂਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪਰਵਿੰਦਰਜੀਤ ਕੌਰ ਨੇ ਸਾਰੇ ਜੇਤੂਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਨਾ ਸਿਰਫ਼ ਵਿਦਿਆਰਥੀਆਂ ਵਿਚ ਗਣਿਤ ਪ੍ਰਤੀ ਰੁਚੀ ਵਧਾਉਂਦੇ ਹਨ, ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵੀ ਉੱਚਾ ਕਰਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।