ਅਬੋਹਰ, 4 ਜੁਲਾਈ(ਵਿਵੇਕ ਹੂੜੀਆ)-ਸ਼ਹਿਰ ਵਿਚ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਫਾਇਰ ਬ੍ਰਿਗੇਡ ਦੇ ਪਿੱਛੇ ਅਤੇ ਆਭਾ ਸਕੁਏਅਰ ਵਿਚ ਬਣੇ ਨਵੇਂ ਸਟੇਡੀਅਮ ਦੇ ਨੇੜੇ ਝਾੜੀਆਂ ’ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਨੌਜਵਾਨ ਦੀ ਲਾਸ਼ ਅਰਧ-ਨਗਨ ਹਾਲਤ ਵਿਚ ਪਈ ਮਿਲੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਬੀਤੀ ਰਾਤ ਸ਼ੱਕੀ ਹਾਲਾਤ ਵਿਚ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਜਾਣਕਾਰੀ ਅਨੁਸਾਰ ਸਵੇਰੇ ਲੋਕਾਂ ਨੇ ਝਾੜੀਆਂ ਵਿਚ ਲਾਸ਼ ਪਈ ਦੇਖੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸਮਿਤੀ ਦੇ ਪ੍ਰਧਾਨ ਰਾਜੂ ਚਰਾਇਆ, ਮੈਂਬਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਏ.ਐੱਸ.ਆਈ. ਲਾਲ ਚੰਦ ਅਤੇ ਹੌਲਦਾਰ ਬੱਬਲੂ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਆਸ-ਪਾਸ ਦੇ ਇਲਾਕੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਚੁਕਵਾ ਕੇ ਪੋਸਟਮਾਰਟਮ ਅਤੇ ਪਛਾਣ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਬੀਤੀ ਰਾਤ ਹੋਈ ਹੋ ਸਕਦੀ ਹੈ, ਕਿਉਂਕਿ ਲਾਸ਼ ਦੇ ਪੈਰ ਗਲਨੇ ਸ਼ੁਰੂ ਹੋ ਗਏ ਸਨ। ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਤੋਂ 35 ਸਾਲ ਦੇ ਵਿਚਕਾਰ ਲੱਗ ਰਹੀ ਹੈ। ਉਸ ਨੇ ਨੀਲੇ ਰੰਗ ਦੀ ਜੀਨਸ ਅਤੇ ਪੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ। ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਉਸ ਦੀ ਦੇਹ ਨੂੰ 72 ਘੰਟਿਆਂ ਲਈ ਪਛਾਣ ਅਤੇ ਪੋਸਟਮਾਰਟਮ ਹਿਤ ਮੋਰਚਰੀ ਵਿਚ ਰੱਖਿਆ ਗਿਆ ਹੈ। ਉੱਧਰ ਸਿਟੀ ਵਨ ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।