3 ਵਿਅਕਤੀ ਸਿਵਲ ਹਸਪਤਾਲ’ਚ ਜ਼ੇਰੇ ਇਲਾਜ
ਜਲਾਲਾਬਾਦ, 5 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀਆਂ ਨਗਰ ਕੌਂਸਲ ਚੋਣਾਂ ਵਿਚ ਅੱਜ ਕੁੱਝ ਵਾਰਡਾਂ ਵਿਚ ਗਰਮੀ ਦਾ ਮਾਹੌਲ ਦੀਖਿਆ ਪਰ ਸ਼ਾਮ ਨੂੰ ਵੋਟਾਂ ਪੋਲਿੰਗ ਦਾ ਸਮਾਂ ਖ਼ਤਮ ਹੋਣ ਤੋਂ ਲਗਭਗ 15 ਮਿੰਟ ਪਹਿਲਾਂ ਵਾਰਡ ਨੰ 2 ਵਿਚ ਦੋ ਧਿਰਾਂ ਵਿਚ ਕਾਫ਼ੀ ਲੜਾਈ ਹੋਈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ’ਤੇ ਲਾਲ ਮਿਰਚਾਂ ਸੁੱਟੀਆਂ ਗਈਆਂ, ਜਿਸ ਤੋਂ ਬਾਅਦ ਹੋਈ ਲੜਾਈ ਵਿਚ ਡਾਂਗਾਂ, ਸੋਟੇ ਅਤੇ ਇੱਟਾਂ ਰੋੜੇ ਵੀ ਚੱਲੇ। ਇਸ ਲੜਾਈ ਵਿਚ ਦੋਹਾਂ ਧਿਰਾਂ ਦੇ ਕਾਫ਼ੀ ਲੋਕ ਇਕ ਦੂਜੇ ਦੇ ਸਾਹਮਣੇ ਹੋਏ ਅਤੇ ਕਾਫ਼ੀ ਗਹਿਗੱਚ ਲੜਾਈ ਹੋਈ। ਇਸ ਲੜਾਈ ਵਿਚ ਆਮ ਆਦਮੀ ਪਾਰਟੀ ਵਲ਼ੋਂ ਇਕ ਵਿਅਕਤੀ ਸਿਵਲ ਹਸਪਤਾਲ ਵਿਚ ਦਾਖਲ ਹੋਇਆ ਹੈ ਅਤੇ ਇਕ ਆਦਮੀ ਸ਼੍ਰੋਮਣੀ ਅਕਾਲੀ ਦਲ ਦਾ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਲਈ ਦਾਖਲ ਹੋਇਆ ਹੈ। ਵਾਰਡ ਨੰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸੋਨੂੰ ਘੋਗਾ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਬਹੁਤ ਵਧੀਆ ਚੱਲ ਰਹੀ ਸੀ ਅਤੇ ਵੋਟ ਪੋਲਿੰਗ ਦੀ ਸਮਾਪਤੀ ਤੋਂ ਕੁੱਝ ਸਮਾਂ ਪਹਿਲਾਂ ਵਿਰੋਧੀ ਧਿਰ ਦੀਆਂ ਔਰਤਾਂ ਨੇ ਲਾਲ ਮਿਰਚਾਂ ਲੈ ਕੇ ਸਾਡੇ ’ਤੇ ਪਾ ਦਿੱਤੀਆਂ ਅਤੇ ਸਾਡੇ ਬੰਦਿਆ ਦੇ ਗੱਲ ਵੀ ਪੈ ਗਏ ਅਤੇ ਸਾਡੇ ਸੱਟਾਂ ਵੀ ਮਾਰ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਵਾਲੇ ਹਾਰ ਦੇਖ ਕੇ ਬੁਖਲਾ ਗਏ ਅਤੇ ਸਾਰੀ ਹਮਲਾ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ। ਸਿਵਲ ਹਸਪਤਾਲ ਵਿਚ ਦਾਖਲ ਸ਼੍ਰੋਮਣੀ ਅਕਾਲੀ ਦਲ ਦੇ ਪੂਰਨ ਰਾਮ ਨੂੰ ਕਾਫ਼ੀ ਸੱਟਾਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਪੂਰਨ ਰਾਮ ਦੇ ਭਰਾ ਸੁਰਜੀਤ ਨੇ ਦੱਸਿਆ ਕਿ ਉਹ ਰੋਲਾ ਸੁਣ ਕੇ ਬਾਹਰ ਨਿਕਲੇ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਲੋਕਾਂ ਦੇ ਗੱਲ ਪੈ ਕੇ ਕੁੱਟ ਰਹੇ ਸੀ ਅਤੇ ਸਾਨੂੰ ਵੀ ਕਾਬੂ ਕਰਕੇ ਕੁੱਟਿਆ ਗਿਆ। ਮੈਨੂੰ ਕੁੱਟ ਕੇ ਬੇਹੋਸ਼ ਕਰ ਦਿੱਤਾ ਗਿਆ ਅਤੇ ਮੇਰੇ ਭਰਾ ਦੇ ਕਾਫ਼ੀ ਸੱਟਾਂ ਮਾਰੀਆਂ ਗਈਆਂ ਹਨ। ਸਿਵਲ ਹਸਪਤਾਲ ਵਿਚ ਦਾਖਲ ਅਮਰਜੀਤ ਸਿੰਘ ਨੇ ਦੱਸਿਆ ਕਿ ਵੋਟਾਂ ਦੌਰਾਨ ਵਿਰੋਧੀ ਪਾਰਟੀ ਨੇ ਰੋਲਾ ਪਾ ਦਿੱਤਾ ਅਤੇ ਰੋਕਣ ਤੇ ਲਾਲ ਮਿਰਚਾਂ ਪਾ ਕੇ ਗਲ ਪੈ ਗਏ ਅਤੇ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ।ਸਿਵਲ ਹਸਪਤਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁਖਪਾਲ ਸਿੰਘ ਲਾਡੀ ਪਾਕਾਂ ਵੀ ਇਲਾਜ ਲਈ ਦਾਖਲ ਹੋਏ ਹਨ, ਜਿਨ੍ਹਾਂ ਦੇ ਸਿਰ ਵਿਚ ਸੱਟ ਹੈ। ਸਿਵਲ ਹਸਪਤਾਲ ਦੇ ਸੀ ਐੱਮ ਓ ਡਾਕਟਰ ਸੁਮਿਤ ਲੂਣਾ ਨੇ ਦੱਸਿਆ ਕਿ ਸਾਡੇ ਕੋਲ ਦੋ ਜ਼ਖ਼ਮੀ ਆਏ ਹਨ। ਇਨ੍ਹਾਂ ਵਿਚੋਂ ਪੂਰਨ ਰਾਮ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਅਮਰਜੀਤ ਸਿੰਘ ਜੇਰੇ ਇਲਾਜ ਹਨ।
ਵਾਰਡ ਨੰ 2 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ’ਤੇ ਲਾਲ ਮਿਰਚਾਂ ਸੁੱਟਣ ਤੋਂ ਬਾਅਦ ਦੋ ਧਿਰਾਂ ’ਚ ਹੋਈ ਲੜਾਈ
ਅਜੀਤ ਡੈਸਕ
06-07-2026