07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੁਲਿਸ ਮੁਲਾਜ਼ਮ ਦਾ ਮੋਬਾਈਲ ਚੋਰੀ ਕਰਨ ਵਾਲਾ ਚੋਰ ਕਾਬੂ

Ad Position 21
No active advertisement
ਅਜੀਤ ਡੈਸਕ 06-07-2026

ਫ਼ਾਜ਼ਿਲਕਾ, 5 ਜੁਲਾਈ (ਦਵਿੰਦਰ ਪਾਲ ਸਿੰਘ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ’ਤੇ ਬਣੀ ਪੁਲਿਸ ਚੈੱਕ ਪੋਸਟ ਤੋਂ ਇਕ ਸ਼ਾਤਰ ਚੋਰ ਵਲੋਂ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਦਾ ਹੀ ਮੋਬਾਈਲ ਫ਼ੋਨ ਚੋਰੀ ਕਰਨ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਮੁਲਾਜ਼ਮ ਨੇ ਮੁਸਤੈਦੀ ਦਿਖਾਉਂਦੇ ਹੋਏ ਆਪਣੇ ਸਾਥੀਆਂ ਦੀ ਮਦਦ ਨਾਲ ਕੁੱਝ ਹੀ ਦੂਰੀ ’ਤੇ ਮੁਲਜ਼ਮ ਨੌਜਵਾਨ ਨੂੰ ਦਬੋਚ ਲਿਆ ਅਤੇ ਉਸ ਕੋਲੋਂ ਚੋਰੀ ਕੀਤਾ ਮੋਬਾਈਲ ਬਰਾਮਦ ਕਰ ਲਿਆ। ਹਾਈ-ਸਿਕਊਰਿਟੀ ਵਾਲੇ ਡੀ ਸੀ ਕੰਪਲੈਕਸ ਦੇ ਮੇਨ ਗੇਟ ’ਤੇ, ਜਿੱਥੇ ਖ਼ੁਦ ਪੁਲਿਸ ਕਰਮਚਾਰੀ ਤਾਇਨਾਤ ਰਹਿੰਦੇ ਹਨ, ਅਜਿਹੀ ਚੋਰੀ ਦੀ ਕੋਸ਼ਿਸ਼ ਕਰਨਾ ਚੋਰਾਂ ਦੇ ਬੁਲੰਦ ਹੌਸਲਿਆਂ ਨੂੰ ਦਰਸਾਉਂਦਾ ਹੈ। ਪਰ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਮੁਲਜ਼ਮ ਸਲਾਖ਼ਾਂ ਦੇ ਪਿੱਛੇ ਪਹੁੰਚ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਰਮਚਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡੀ.ਸੀ ਕੰਪਲੈਕਸ ਦੇ ਮੇਨ ਗੇਟ ’ਤੇ ਬਣੀ ਪੋਸਟ ’ਤੇ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਦੀ ਡਿਊਟੀ ਲੱਗੀ ਹੋਈ ਸੀ। ਸੁਖਦੇਵ ਸਿੰਘ ਰੋਜ਼ਾਨਾ ਦੀ ਤਰ੍ਹਾਂ ਡੀ.ਸੀ ਅਤੇ ਐੱਸ.ਐੱਸ.ਪੀ ਦਫ਼ਤਰ ਆਉਣ-ਜਾਣ ਵਾਲੇ ਵਾਹਨਾਂ ਦੀ ਪਾਰਕਿੰਗ ਅਤੇ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਤਾਇਨਾਤ ਸਨ। ਇਸੇ ਦੌਰਾਨ ਉਹ ਕੁੱਝ ਸਮੇਂ ਲਈ ਬਾਥਰੂਮ ਗਏ ਅਤੇ ਆਪਣਾ ਮੋਬਾਈਲ ਚੈੱਕ ਪੋਸਟ ਦੇ ਅੰਦਰ ਹੀ ਚਾਰਜਿੰਗ ’ਤੇ ਲਗਾ ਗਏ। ਸੁਖਦੇਵ ਸਿੰਘ ਦੇ ਜਾਂਦੇ ਹੀ ਉੱਥੇ ਮੌਜੂਦ ਇਕ ਸ਼ਾਤਰ ਨੌਜਵਾਨ ਨੇ ਮੌਕਾ ਪਾ ਕੇ ਚੈੱਕ ਪੋਸਟ ਦੇ ਅੰਦਰੋਂ ਮੋਬਾਈਲ ਚੋਰੀ ਕਰ ਲਿਆ ਅਤੇ ਉਸ ਨੂੰ ਆਪਣੀ ਜੇਬ ਵਿਚ ਪਾ ਕੇ ਖਿਸਕ ਗਿਆ। ਜਦੋਂ ਸੁਖਦੇਵ ਸਿੰਘ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਮੋਬਾਈਲ ਗ਼ਾਇਬ ਮਿਲਿਆ। ਉੱਥੇ ਮੌਜੂਦ ਹੋਰ ਲੋਕਾਂ ਨੇ ਇਕ ਨੌਜਵਾਨ ’ਤੇ ਸ਼ੱਕ ਜ਼ਾਹਿਰ ਕਰਦਿਆਂ ਦੱਸਿਆ ਕਿ ਉਹ ਅਜੇ-ਅਜੇ ਪੋਸਟ ਦੇ ਕੋਲੋਂ ਲੰਘਿਆ ਹੈ। ਮੁਸਤੈਦੀ ਦਿਖਾਉਂਦੇ ਹੋਏ ਸੁਖਦੇਵ ਸਿੰਘ ਨੇ ਤੁਰੰਤ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਸ਼ੱਕੀ ਨੌਜਵਾਨ ਦਾ ਪਿੱਛਾ ਕੀਤਾ। ਮੁਲਜ਼ਮ ਅਜੇ ਕੁੱਝ ਹੀ ਦੂਰੀ ’ਤੇ ਐੱਸ.ਡੀ.ਐਮ ਦਫ਼ਤਰ ਦੇ ਗੇਟ ਕੋਲ ਪਹੁੰਚਿਆ ਹੀ ਸੀ ਕਿ ਪੁਲਿਸ ਟੀਮ ਨੇ ਉਸ ਨੂੰ ਘੇਰ ਕੇ ਦਬੋਚ ਲਿਆ। ਤਲਾਸ਼ੀ ਲੈਣ ’ਤੇ ਨੌਜਵਾਨ ਦੇ ਕਬਜ਼ੇ ਵਿਚੋਂ ਚੋਰੀ ਕੀਤਾ ਗਿਆ ਮੋਬਾਈਲ ਫ਼ੋਨ ਸੁਰੱਖਿਅਤ ਬਰਾਮਦ ਹੋ ਗਿਆ। ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰ 2 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ’ਤੇ ਲਾਲ ਮਿਰਚਾਂ ਸੁੱਟਣ ਤੋਂ ਬਾਅਦ ਦੋ ਧਿਰਾਂ ’ਚ ਹੋਈ ਲੜਾਈ ਅਗਲੀ ਖ਼ਬਰ ਵਾਰਡ ਨੰਬਰ 5 ਤੋਂ ਅਕਾਲੀ ਦਲ ਦੀ ਉਮੀਦਵਾਰ ਸ਼ਸ਼ੀ ਅਨੇਜਾ 103 ਵੋਟਾਂ ’ਤੇ ਜੇਤੂ
Ad Position 24
No active advertisement