ਅਬੋਹਰ, 11 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਨਗਰ ਨਿਗਮ ਦੇ ਮੇਅਰ ਦੀ ਚੋਣ ਬੀਤੀ ਦੇਰ ਸ਼ਾਮ ਰੌਲੇ-ਰੱਪੇ ਉਪਰੰਤ ਮੁਲਤਵੀ ਹੋਣ ਤੋਂ ਬਾਅਦ ਸੰਦੀਪ ਜਾਖੜ ਨੇ ਆਪਣੇ ਨਿਵਾਸ ਸਥਾਨ ’ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਮੂਹ ਭਾਜਪਾ ਵਰਕਰਾਂ ਅਤੇ ਮੀਡੀਆ ਦੇ ਸਮਰਥਨ ਦੇ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨਗਰ ਨਿਗਮ ਅਬੋਹਰ ਦੇ 28 ਨਵ-ਨਿਯੁਕਤ ਭਾਜਪਾ ਕੌਂਸਲਰਾਂ ਸਣੇ ਸੀਨੀਅਰ ਭਾਜਪਾ ਲੀਡਰਸ਼ਿਪ ਹਾਜ਼ਰ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਨਗਰ ਨਿਗਮ ਅਬੋਹਰ ਵਿਚ ਮੇਅਰ ਦੀ ਚੋਣ ਵਿਚ ਸੱਤਾ ਧਿਰ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਦੇ ਸਹਿਯੋਗ ਅਤੇ ਸੁਨੀਲ ਜਾਖੜ ਦੀ ਯੋਗ ਅਗਵਾਈ ਹੇਠ ਪ੍ਰਸ਼ਾਸਨ ਨੂੰ ਫ਼ੈਸਲਾ ਵਾਪਸ ਲੈਣਾ ਪਿਆ। ਇਸ ਦੌਰਾਨ ਮੀਡੀਆ ਨੇ ਵੀ ਲੋਕਤੰਤਰ ਬਚਾਉਣ ਵਿਚ ਬੇਹੱਦ ਸ਼ਲਾਘਾਯੋਗ ਭੂਮਿਕਾ ਨਿਭਾਈ। ਉਨ੍ਹਾਂ ਭਾਜਪਾ ਦੇ ਨਵ-ਨਿਯੁਕਤ 28 ਕੌਂਸਲਰਾਂ ਸਣੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਤੰਤਰ ਬਚਾਉਣ ਵਿਚ ਭਾਜਪਾ ਵਰਕਰਾਂ ਨੇ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਦਾ ਇਕ ਹੋਰ ਅਹਿਸਾਨ ਜਾਖੜ ਪਰਿਵਾਰ ’ਤੇ ਹਮੇਸ਼ਾ ਰਹੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਜਿਹੇ ਧੱਕੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਸੰਦੀਪ ਜਾਖੜ ਨੇ ਕਿਹਾ ਕਿ ਨਗਰ ਨਿਗਮ ਮੇਅਰ ਦੀ ਚੋਣ ਮੁਲਤਵੀ ਹੋਣ ਉਪਰੰਤ ਉਹ ਹਾਈ ਕੋਰਟ ਦਾ ਰੁਖ ਕਰਨਗੇ ਅਤੇ ਨਿਰਪੱਖ ਕਰਵਾਉਣ ਦੀ ਮੰਗ ਕਰਨਗੇ।