ਅਬੋਹਰ, 11 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਪੱਤਰ ਮਾਰਫ਼ਤ 11 ਅਤੇ 12 ਜੁਲਾਈ ਛੁੱਟੀ ਵਾਲੇ ਦਿਨ ਵੀ ਸਕੂਲਾਂ ਦੇ ਸਮੂਹ ਸਟਾਫ਼ ਨੂੰ ਐੱਸ.ਆਈ.ਆਰ ਸੰਬੰਧੀ ਸਕੂਲਾਂ ਵਿਚ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਧਿਆਪਕ ਜਥੇਬੰਦੀਆਂ ਨੇ ਇਸ ਗੈਰ-ਵਾਜਬ ਫ਼ੈਸਲੇ ਦੇ ਵਿਰੋਧ ਵਿਚ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਅਨੁਸਾਰ ਸਨਿੱਚਰਵਾਰ ਨੂੰ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਸਥਾਨਕ ਤਹਿਸੀਲ ਕੰਪਲੈਕਸ ਵਿਚ ਐੱਸ.ਡੀ.ਐਮ ਅਬੋਹਰ ਦਫ਼ਤਰ ਬਾਹਰ ਪੰਜਾਬ ਸਰਕਾਰ ਦੇ ਤੁਗ਼ਲਕੀ ਫ਼ਰਮਾਨ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਸਮੇਂ ਰਜਿੰਦਰ ਪਾਲ ਸਿੰਘ ਬਰਾੜ ਅਧਿਆਪਕ ਦਲ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਡੀ.ਟੀ.ਐਫ ਦਿਨੇਸ਼ ਕੁਮਾਰ ਤਹਿਸੀਲ ਪ੍ਰਧਾਨ ਅਬੋਹਰ, ਕੁਲਜੀਤ ਸਿੰਘ ਡੰਗਰ ਖੇੜਾ, ਸੁਖਦੀਪ ਬੁਰਜ ਮੁਹਾਰ, ਰਤਨ ਲਾਲ, ਜੈਮਲਾ ਰਾਮ, ਬਲਵੰਤ ਸਿੰਘ, ਰਮੇਸ਼ ਕੁਮਾਰ, ਰਣਜੀਤ ਕੁਮਾਰ, ਸ਼ੰਕਰ ਲਾਲ, ਪ੍ਰਵੀਨ ਕੁਮਾਰ, ਸੁਸ਼ੀਲ ਛਾਬੜਾ, ਬੱਗਾ ਸਿੰਘ, ਰਾਧਾ ਕ੍ਰਿਸ਼ਨ, ਸੈਂਟੀ ਕੁਮਾਰ, ਸਜਵਿੰਦਰ ਸਿੰਘ, ਸਤਪਾਲ ਆਦਿ ਅਧਿਆਪਕ ਆਗੂ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਨਾਲ ਲਗਾਤਾਰ ਕੀਤੇ ਜਾ ਰਹੇ ਧੱਕੇ, ਡੀ.ਏ ਨਾ ਦੇਣਾ, ਲੋੜ ਤੋਂ ਵੱਧ ਕੰਮ ਲੈਣਾ, ਛੁੱਟੀ ਵਾਲੇ ਦਿਨ ਵੀ ਅਧਿਆਪਕ ਨੂੰ ਆਪਣੇ ਪਰਿਵਾਰ ਵਿਚ ਨਾ ਵਿਚਰਨ ਦੇਣ ਦੇ ਵਿਰੋਧ ਵਿਚ ਪੰਜਾਬ ਸਰਕਾਰ ਨੂੰ ਇਸ ਦਾ ਬਹੁਤ ਵੱਡਾ ਹਰਜਾਨਾ ਭਰਨਾ ਪਵੇਗਾ। ਅਫ਼ਸਰ ਇਸ ਫ਼ਰਮਾਨ ਦਾ ਨਜਾਇਜ਼ ਫ਼ਾਇਦਾ ਲੈ ਕੇ ਅਧਿਆਪਕਾਂ ਨੂੰ ਤੰਗ ਕਰਦੇ ਹਨ। ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਇਸ ਤਰ੍ਹਾਂ ਲਗਾਤਾਰ ਅਧਿਆਪਕਾਂ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਅਧਿਕਾਰੀਆਂ ਨੂੰ ਵੀ ਇਸ ਦਾ ਵਿਰੋਧ ਝੱਲਣਾ ਪਵੇਗਾ।