ਫ਼ਾਜ਼ਿਲਕਾ, 11 ਜੁਲਾਈ (ਅਮਰਜੀਤ ਸ਼ਰਮਾ)-ਡਿੱਚ-ਕਮ-ਬੰਧ ਪ੍ਰਾਜੈਕਟ ਦੇ ਵਿਰੋਧ ਅਤੇ ਸਰਹੱਦੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ‘ਚੜ੍ਹਦੀ ਕਲਾ ਮੋਰਚੇ’ ਵਲੋਂ ਲਗਾਏ ਗਏ ਧਰਨੇ ਵਿਚ ਪ੍ਰਮੁੱਖ ਆਗੂ ਐਡਵੋਕੇਟ ਸਤਿੰਦਰ ਸਿੰਘ ਸਵੀ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਜ਼ੋਰਦਾਰ ਸਮਰਥਨ ਕਰਦਿਆਂ ਐਡਵੋਕੇਟ ਸਵੀ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਗੰਭੀਰ ਮਸਲੇ ’ਤੇ ਤੁਰੰਤ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਡਿੱਚ-ਕਮ-ਬੰਧ ਪ੍ਰਾਜੈਕਟ ਕਾਰਨ ਪ੍ਰਭਾਵਿਤ ਹੋ ਰਹੇ ਕਿਸਾਨਾਂ ਅਤੇ ਸਥਾਨਕ ਵਸਨੀਕਾਂ ਨਾਲ ਮਿਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇਸ ਦਾ ਇਕ ਪਾਰਦਰਸ਼ੀ ’ਤੇ ਨਿਆਂਪੂਰਨ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਨਾਲ-ਨਾਲ ਅੰਨਦਾਤਾ ਦੇ ਹਿਤਾਂ ਦੀ ਰੱਖਿਆ ਕਰਨਾ ਵੀ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ। ਐਡਵੋਕੇਟ ਸਵੀ ਨੇ ਅੱਗੇ ਕਿਹਾ ਕਿ ਲੋਕਤੰਤਰ ਵਿਚ ਹਰ ਨਾਗਰਿਕ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਸਰਕਾਰ ਨੂੰ ਲੋਕਾਂ ਦੀ ਇਸ ਆਵਾਜ਼ ਨੂੰ ਬਿਨਾਂ ਕਿਸੇ ਦੇਰੀ ਦੇ ਗੰਭੀਰਤਾ ਨਾਲ ਸੁਣਨਾ ਚਾਹੀਦਾ ਹੈ। ਇਸ ਮੌਕੇ ਚੜ੍ਹਦੀ ਕਲਾ ਮੋਰਚੇ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਨੂਰਸ਼ਾਹ ਅਤੇ ਭਜਨ ਲਾਲ ਲਾਧੂਕਾ ਤੋਂ ਇਲਾਵਾ ਫ਼ਾਜ਼ਿਲਕਾ ਤੋਂ ਵਿਨੋਦ ਸ਼ਰਮਾ, ਅੰਕੁਸ਼ ਅਨੇਜਾ, ਕਰਨ ਕੁਮਾਰ ਖਟੀਕ, ਰਾਧੇ ਕਿਰਾੜ ਅਤੇ ਰਾਜ ਕੁਮਾਰ ਚਾਵੜੀਆ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਅਤੇ ਕਿਸਾਨ ਹਾਜ਼ਰ ਸਨ।