ਅਬੋਹਰ, 12 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਇਕ ਪਾਸੇ ਜਿੱਥੇ ਨਗਰ ਨਿਗਮ ਅਬੋਹਰ ਦਾ ਮੇਅਰ ਬਣਾਉਣ ਦੇ ਲਈ ਸਿਆਸੀ ਪਾਰਾ ਪੂਰਾ ਤਰ੍ਹਾਂ ਗਰਮਾਇਆ ਹੋਇਆ ਹੈ, ਉੱਥੇ ਹੀ ਨਗਰ ਨਿਗਮ ਵਿਚ ਸਥਾਈ ਕਮਿਸ਼ਨਰ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਸੂਨ ਵਲੋਂ ਦਸਤਕ ਦੇਣ ਦੇ ਕਰੀਬ 48 ਘੰਟਿਆਂ ਪਹਿਲਾਂ ਸ਼ਹਿਰ ਵਿਚ ਪਈ ਪਹਿਲੀ ਬਰਸਾਤ ਨੇ ਹੀ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ। ਜਿਸ ਤਹਿਤ ਅਬੋਹਰ ਦੇ ਤਹਿਸੀਲ ਕੰਪਲੈਕਸ ਸਣੇ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿਚ ਹਾਲੇ ਤੱਕ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਅਬੋਹਰ ਦੇ ਤਹਿਸੀਲ ਕੰਪਲੈਕਸ ਵਿਚ ਉਪ ਮੰਡਲ ਮੈਜਿਸਟਰੇਟ ਤੋਂ ਇਲਾਵਾ ਸਬ ਡਿਵੀਜ਼ਨ ਦੀਆਂ ਅਦਾਲਤਾਂ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਐੱਸ.ਪੀ ਅਬੋਹਰ, ਖ਼ਜ਼ਾਨਾ ਦਫ਼ਤਰ ਵਕੀਲਾਂ ਦੇ ਦਫ਼ਤਰ, ਸਾਂਝ ਕੇਂਦਰ, ਅਰਜ਼ੀਨਵੀਸ ਦਫ਼ਤਰਾਂ ਵਿਚ ਸਣੇ ਹਜ਼ਾਰਾਂ ਦੀ ਗਿਣਤੀ ਵਿਚ ਹਰ ਰੋਜ਼ ਆਮ ਲੋਕ ਆਪਣੇ ਕੰਮਾਂ-ਕਾਰਾਂ ਨੂੰ ਆਉਂਦੇ ਹਨ ਪਰ ਤਹਿਸੀਲ ਕੰਪਲੈਕਸ ਵਿਚ ਹੀ ਜਮ੍ਹਾ ਹੋਏ ਮੀਂਹ ਦੇ ਪਾਣੀ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਟਰੈਫ਼ਿਕ ਪੁਲਿਸ ਵਲੋਂ ਸੜਕਾਂ ਤੇ ਵਾਹਨ ਖੜੇ ਕਰਨ ਕਰਕੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ, ਉੱਥੇ ਹੀ ਤਹਿਸੀਲ ਕੰਪਲੈਕਸ ਦੀ ਸਮੁੱਚੀ ਪਾਰਕਿੰਗ ਵਿਚ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਆਮ ਲੋਕਾਂ ਲਈ ਵਹੀਕਲ ਖੜੇ ਕਰਨੇ ਵੱਡੀ ਸਿਰਦਰਦੀ ਬਣ ਰਿਹਾ ਹੈ। ਸ਼ਹਿਰ ਦੇ ਜਾਗਰੂਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪ੍ਰਸ਼ਾਸਨ ਆਪਣੇ ਦਫ਼ਤਰਾਂ ਅੱਗੇ ਖੜ੍ਹੇ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਕਰਵਾ ਸਕਦਾ ਤਾਂ ਸ਼ਹਿਰ ਦੇ ਬਾਕੀ ਇਲਾਕਿਆਂ ਦਾ ਤਾਂ ਰੱਬ ਹੀ ਰਾਖਾ ਹੋਵੇਗਾ। ਅਜਿਹੇ ਹਾਲਾਤਾਂ ਵਿਚ ਮਾਨਸੂਨ ਦੀ ਜੇਕਰ ਭਰਵੀਂ ਬਰਸਾਤ ਹੋਈ ਤਾਂ ਨਗਰ ਨਿਗਮ ਦਾ ਕੋਈ ਵਾਲੀ ਵਾਰਸ ਨਾ ਹੋਣ ਕਾਰਨ ਸ਼ਹਿਰ ਦੇ ਕੀ ਹਾਲਾਤ ਹੋਣਗੇ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸ਼ਹਿਰ ਦੇ ਜਾਗਰੂਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਕਤ ਸਮੱਸਿਆਵਾਂ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦਿੰਦੇ ਹੋਏ ਜਲਦ ਹੱਲ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ।
ਮੌਨਸੂਨ ਦੀ ਪਹਿਲੀ ਬਰਸਾਤ ਦੇ 48 ਘੰਟੇ ਬਾਅਦ ਵੀ ਤਹਿਸੀਲ ਕੰਪਲੈਕਸ ਵਿਚੋਂ ਨਹੀਂ ਹੋਈ ਮੀਂਹ ਦੇ ਪਾਣੀ ਦੀ ਨਿਕਾਸੀ
ਅਜੀਤ ਡੈਸਕ
13-07-2026