ਮੰਡੀ ਰੋੜਾਂਵਾਲੀ, 12 ਜੁਲਾਈ (ਮਨਜੀਤ ਸਿੰਘ ਬਰਾੜ)-ਪੁਲਿਸ ਥਾਣਾ ਵੈਰੋਕੇ ਅਧੀਨ ਪੈਂਦੇ ਪਿੰਡ ਚੱਕ ਸੜ੍ਹੀਆਂ ਨਿਵਾਸੀ ਇਕ ਵਿਅਕਤੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬੀਤੀ ਰਾਤ ਤੋਂ ਘਰ ਤੋਂ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ। ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 65 ਸਾਲਾ ਨਿਸ਼ਾਨ ਸਿੰਘ ਪੁੱਤਰ ਬਕਸ਼ੀਸ਼ ਸਿੰਘ ਵਲੋਂ ਕੁੱਝ ਸਮਾਂ ਪਹਿਲਾਂ ਆੜ੍ਹਤੀ ਅਤੇ ਦੋ ਹੋਰ ਵਿਅਕਤੀਆਂ ਤੋਂ ਪੈਸੇ ਉਧਾਰ ਲਏ ਹੋਏ ਸਨ। ਆੜ੍ਹਤੀ ਅਤੇ ਦੋ ਹੋਰ ਵਿਅਕਤੀ ਪੈਸੇ ਲੈਣ ਲਈ ਨਿਸ਼ਾਨ ਸਿੰਘ ਨੂੰ ਪ੍ਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਨਿਸ਼ਾਨ ਸਿੰਘ ਕੁੱਝ ਦਿਨ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਬੀਤੀ ਰਾਤ ਕਰੀਬ 9 ਵਜੇ ਉਹ ਪ੍ਰੇਸ਼ਾਨੀ ਵਿਚ ਬਿਨਾਂ ਕਿਸੇ ਨੂੰ ਦੱਸੇ ਘਰ ਤੋਂ ਚਲਾ ਗਿਆ ਹੈ। ਉਸ ਦੀ ਬੀਤੀ ਰਾਤ ਬਹੁਤ ਭਾਲ ਕੀਤੀ ਗਈ ਪਰ ਕਿਤੋਂ ਨਹੀਂ ਮਿਲਿਆ। ਅੱਜ ਸਵੇਰੇ ਗੰਗ ਕੈਨਾਲ ਨਹਿਰ ਦੇ ਮੰਡੀ ਰੋੜਾਂਵਾਲੀ ਤੋਂ ਜੰਡਵਾਲਾ ਭੀਮੇਸ਼ਾਹ ਨੂੰ ਜਾਂਦੇ ਰੋਡ ਤੇ ਬਣੇ ਪੁਲ ਤੋਂ ਉਸ ਦੀਆਂ ਪੈਰਾ ਵਿਚ ਪਾਈਆਂ ਚੱਪਲਾਂ ਮਿਲੀਆਂ ਹਨ, ਜਿਸ ਤੋਂ ਜਾਪਦਾ ਹੈ ਕਿ ਨਿਸ਼ਾਨ ਸਿੰਘ ਵਲੋਂ ਪ੍ਰੇਸ਼ਾਨੀ ’ਚ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਪਰਿਵਾਰ ਵਲੋਂ ਨਿਸ਼ਾਨ ਸਿੰਘ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਨਿਸ਼ਾਨ ਸਿੰਘ ਦਾ ਕੁੱਝ ਵੀ ਪਤਾ ਨਹੀਂ ਚੱਲ ਸਕਿਆ ਹੈ।
ਪੈਸਿਆਂ ਦੇ ਲੈਣ ਦੇਣ ਤੋਂ ਪ੍ਰੇਸ਼ਾਨ ਵਿਅਕਤੀ ਘਰ ਤੋਂ ਹੋਇਆ ਲਾਪਤਾ
ਅਜੀਤ ਡੈਸਕ
13-07-2026