ਫ਼ਿਲਮ ਦੇਖਣ ਲਈ ਸੰਗਤਾਂ ਪੂਰੀ ਤਰ੍ਹਾਂ ਉਤਸ਼ਾਹਿਤ-ਗੁਰਵਿੰਦਰ ਸਿੰਘ ਵਿਪਨ
ਅਬੋਹਰ, 12 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਭਾਰਤੀ ਸੈਂਸਰ ਬੋਰਡ ਵਲੋਂ ਜੀ5 ’ਤੇ ਬੈਨ ਕੀਤੀ ਪੰਜਾਬੀ ਫ਼ਿਲਮ ਸਤਲੁਜ ਦੇ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਪੱਧਰ ’ਤੇ ਸਕਰੀਨਿੰਗ ਕਰਕੇ ਸੰਗਤਾਂ ਨੂੰ ਫ਼ਿਲਮ ਦਿਖਾਈ ਜਾ ਰਹੀ ਹੈ। ਜਿਸ ਪ੍ਰਤੀ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਦੇਖਣ ਦੇ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਅਬੋਹਰ ਦੇ ਕੰਧਵਾਲਾ ਰੋਡ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ, ਅਜੀਮਗੜ੍ਹ ਸਥਿਤ ਗੁਰਦੁਆਰਾ ਸਿੰਘ ਸਭਾ ਅਤੇ ਗੋਬਿੰਦਗੜ੍ਹ ਰੋਡ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਵੱਡੀਆਂ ਸਕਰੀਨਾਂ ਲਗਾ ਕੇ ਸਤਲੁਜ ਫ਼ਿਲਮ ਦਿਖਾਈ ਗਈ। ਇਸ ਤੋਂ ਇਲਾਵਾ ਬੀਤੀ ਰਾਤ ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਵੱਡੀ ਸਕਰੀਨ ’ਤੇ ਵਿਸ਼ੇਸ਼ ਸਕਰੀਨਿੰਗ ਰਾਹੀਂ ਸਤਲੁਜ ਫ਼ਿਲਮ ਦਿਖਾਈ ਗਈ। ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਦਰਜ਼ ਕਰਵਾਉਂਦੇ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਮਨੁੱਖੀ ਅਧਿਕਾਰਾਂ ਦੇ ਲਈ ਪਹਿਰਾ ਦੇਣ ਦਾ ਪ੍ਰਣ ਵੀ ਲਿਆ। ਇਸ ਦੌਰਾਨ ਗੁਰਦੁਆਰਾ ਨਾਨਕਸਰ ਪ੍ਰਬੰਧਕ ਕਮੇਟੀ, ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ, ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਹਿਯੋਗ ਕੀਤਾ ਗਿਆ। ਇਸ ਦੇ ਨਾਲ ਹੀ ਐਤਵਾਰ ਸ਼ਾਮ ਨੂੰ ਪੁਰਾਣੀ ਸੂਰਜ ਨਗਰੀ ਸਥਿਤ ਗੁਰਦੁਆਰਾ ਗੁਰੂ ਅੰਗਦ ਦੇਵ ਸਾਹਿਬ ਵਿਖੇ ਵੀ ਸਤਲੁਜ ਫ਼ਿਲਮ ਦਿਖਾਈ ਜਾਵੇਗੀ। ਅਬੋਹਰ ਸ਼ਹਿਰ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਵੀ ਲਗਾਤਾਰ ਹਿੰਦੂ ਅਤੇ ਸਿੱਖ ਸੰਗਤਾਂ ਵਿਚ ਆਪਸੀ ਭਾਈਚਾਰੇ ਨਾਲ ਉਕਤ ਫ਼ਿਲਮ ਦੇਖਣ ਦੇ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪ੍ਰਬੰਧਕ ਗੁਰਵਿੰਦਰ ਸਿੰਘ ਵਿਪਨ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ, ਗਗਨਦੀਪ ਸਿੰਘ, ਅਰਸ਼ਦੀਪ ਸਿੰਘ, ਸ਼ਿਵਰਾਜ ਸਿੰਘ ਖ਼ਾਲਸਾ, ਜਗਜੀਤ ਸਿੰਘ ਜੱਗਾ, ਸੁਖਜਿੰਦਰ ਸਿੰਘ ਰਾਜਨ, ਵਿਨੈ ਪ੍ਰਤਾਪ ਸਿੰਘ, ਚੰਨਪ੍ਰੀਤ ਸਿੰਘ ਖ਼ਾਲਸਾ, ਅੰਮ੍ਰਿਤ ਪਾਲ ਸਿੰਘ ਆਦਿ ਨੇ ਦੱਸਿਆ ਕਿ ਭਾਰਤੀ ਸੈਂਸਰ ਬੋਰਡ ਵਲੋਂ 90 ਦੇ ਦਹਾਕੇ ਵਿਚ ਪੰਜਾਬ ਦੇ ਹਾਲਾਤਾਂ ਦੇ ਬਣੀ ਫ਼ਿਲਮ ’ਤੇ ਬੈਨ ਕਰਕੇ ਜਸਵੰਤ ਸਿੰਘ ਖਾਲੜਾ ਵਲੋਂ ਉਠਾਈ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਹੁਣ ਪੰਜਾਬ ਦੇ ਲੋਕ ਉਕਤ ਆਵਾਜ਼ ਨੂੰ ਦੱਬਣ ਨਹੀਂ ਦੇਣਗੇ ਅਤੇ ਵੱਡੇ ਪੱਧਰ ’ਤੇ ਪੰਜਾਬ ਸਣੇ ਦੇਸ਼ ਅਤੇ ਵਿਦੇਸ਼ ਵਿਚ ਉਕਤ ਫ਼ਿਲਮ ਜਨਤਾ ਸਾਹਮਣੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਉਨ੍ਹਾਂ ਭਾਰਤ ਸਰਕਾਰ ਸਣੇ ਸੈਂਸਰ ਬੋਰਡ ਨੂੰ ਸੱਚੀ ਘਟਨਾ ’ਤੇ ਆਧਾਰਤ ਉਕਤ ਫ਼ਿਲਮ ਤੋਂ ਤੁਰੰਤ ਪਾਬੰਦੀ ਹਟਾ ਕੇ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਾਪਰੀਆਂ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਫ਼ਿਲਮ ਦੇ ਪ੍ਰਸਾਰਨ ਨੂੰ ਰੋਕ ਕੇ ਪੰਜਾਬ ਦੀ ਸੱਤਾ ਦੇ ਸੁਪਨੇ ਦੇਖਣੇ ਰਾਜਸੀ ਪਾਰਟੀਆਂ ਲਈ ਮੁਨਾਸਬ ਨਹੀਂ ਹੋਣਗੇ।
ਅਬੋਹਰ ਸ਼ਹਿਰ ਦੇ ਵੱਖ-ਵੱਖ ਗੁਰੂ ਘਰਾਂ ਵਿਚ ਦਿਖਾਈ ਜਾ ਰਹੀ ਹੈ ਫ਼ਿਲਮ ਸਤਲੁਜ
ਅਜੀਤ ਡੈਸਕ
13-07-2026