ਫ਼ਾਜ਼ਿਲਕਾ, 12 ਜੁਲਾਈ (ਅਮਰਜੀਤ ਸ਼ਰਮਾ)-ਪੰਜਾਬ ਮਿਉਂਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਨਗਰ ਕੌਂਸਲ ਸ਼ਾਖਾ ਦੀ ਇਕ ਅਹਿਮ ਬੈਠਕ ਸਥਾਨਕ ਪ੍ਰਤਾਪ ਬਾਗ਼ ਵਿਖੇ ਸੀਨੀਅਰ ਮੀਤ ਪ੍ਰਧਾਨ ਅਰਜੁਨ ਦੇਵ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿਚ ਜਲਾਲਾਬਾਦ ਤੋਂ ਵਿਨੋਦ ਕੁਮਾਰ, ਕੁਲਬੀਰ ਸਿੰਘ ਅਤੇ ਅਬੋਹਰ ਤੋਂ ਸੀਨੀਅਰ ਮੀਤ ਪ੍ਰਧਾਨ ਬਲੀਸ਼ ਕੁਮਾਰ ਸੁਖੀਜਾ ਤੇ ਸ਼ਾਮ ਲਾਲ ਧੌਲਪੁਰੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਬੈਠਕ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਅਰਜੁਨ ਦੇਵ ਨੇ ਕਿਹਾ ਕਿ ਪੈਨਸ਼ਨ ਦਾ ਫ਼ੰਡ ਲੰਘੀ 4 ਤਰੀਕ ਨੂੰ ਆਉਣ ਦੇ ਬਾਵਜੂਦ ਏ.ਡੀ.ਸੀ.ਵਲੋਂ ਪੈਨਸ਼ਨਰਾਂ ਦੇ ਚੈੱਕਾਂ ’ਤੇ ਹਸਤਾਖ਼ਰ ਨਹੀਂ ਕੀਤੇ ਗਏ ਹਨ, ਜਿਸ ਕਾਰਨ ਪੈਨਸ਼ਨਰਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਬਜ਼ੁਰਗ ਪੈਨਸ਼ਨਰਾਂ ਨੂੰ ਖ਼ਾਮ ਖ਼ਾਹ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨ ਦੀ ਰਾਸ਼ੀ ਤੁਰੰਤ ਪੈਨਸ਼ਨਰਾਂ ਦੇ ਖਾਤਿਆਂ ਵਿਚ ਪਾਈ ਜਾਵੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵੰਤ ਰਾਏ ਗਾਬਾ ਨੇ ਦੱਸਿਆ ਕਿ 17 ਜੁਲਾਈ ਨੂੰ ਮੋਹਾਲੀ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਵਿਚ ਫ਼ਾਜ਼ਿਲਕਾ ਤੋਂ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਮੂਲੀਅਤ ਕਰਨਗੇ। ਦੂਜੇ ਪਾਸੇ, ਬਲੀਸ਼ ਕੁਮਾਰ ਸੁਖੀਜਾ ਨੇ ਪੰਜਾਬ ਸਰਕਾਰ ਪਾਸੋਂ ਪੈਨਸ਼ਨਰਾਂ ਦੀਆਂ ਲੰਬਿਤ ਪਈਆਂ ਜਾਇਜ਼ ਮੰਗਾਂ ਨੂੰ ਜਲਦ ਹੱਲ ਕਰਨ ਦੀ ਅਪੀਲ ਕੀਤੀ। ਬੈਠਕ ਦੀ ਸਮਾਪਤੀ ਤੋਂ ਬਾਅਦ ਸਮੂਹ ਮੈਂਬਰ ਨਗਰ ਕੌਂਸਲ ਵਿਖੇ ਚੱਲ ਰਹੇ ਸਫ਼ਾਈ ਸੇਵਕਾਂ ਦੇ ਧਰਨੇ ਵਿਚ ਸ਼ਾਮਿਲ ਹੋਏ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਪੂਰਨ ਸਮਰਥਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਰਜ ਪ੍ਰਕਾਸ਼, ਵਿਜੇ ਕੁਮਾਰ, ਕਾਂਸ਼ੀ ਰਾਮ, ਅਸ਼ੋਕ ਸ਼ਰਮਾ, ਆਜ਼ਾਦ, ਸ਼ਾਮ ਲਾਲ ਠਕਰਾਲ, ਗੁਰਤੇਜ ਸਿੰਘ, ਸੁਮਿਤ ਕੁਮਾਰ, ਜਗਦੀਸ਼ ਕੁਮਾਰ, ਸੁਮਨ ਰਾਣੀ ਅਤੇ ਕੈਸ਼ੀਅਰ ਖੇਮਰਾਜ ਸਮੇਤ ਕਈ ਮੈਂਬਰ ਹਾਜ਼ਰ ਸਨ।
ਪੈਨਸ਼ਨ ’ਚ ਦੇਰੀ ਕਾਰਨ ਪੈਨਸ਼ਨਰਾਂ ’ਚ ਭਾਰੀ ਰੋਸ, ਜਲਦ ਭੁਗਤਾਨ ਕਰਨ ਦੀ ਉਠਾਈ ਮੰਗ
ਅਜੀਤ ਡੈਸਕ
13-07-2026