ਫ਼ਾਜ਼ਿਲਕਾ, 12 ਜੁਲਾਈ (ਦਵਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਮੇਤ ਪੰਜ ਪੰਥਕ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਮ ਇਕ ਅਹਿਮ ਮੰਗ ਪੱਤਰ ਸੌਂਪਿਆ ਜਾ ਰਿਹਾ ਹੈ। ਇਹ ਮੰਗ ਪੱਤਰ ਮਿਤੀ 14 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ ਠੀਕ 10 ਵਜੇ ਜ਼ਿਲ੍ਹਾ ਹੈੱਡ ਕੁਆਰਟਰ ਫ਼ਾਜ਼ਿਲਕਾ ਵਿਖੇ ਦਿੱਤਾ ਜਾਵੇਗਾ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗੁਰਜਿੰਦਰ ਸਿੰਘ ਗਰੇਵਾਲ ਟਾਹਲੀ ਵਾਲਾ ਜੱਟਾਂ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਹੀਂ ਸਰਕਾਰ ਕੋਲੋਂ ਕੁੱਝ ਅਹਿਮ ਅਤੇ ਗੰਭੀਰ ਮੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਵਲੋਂ ਹੰਢਾਏ ਕਾਲੇ ਦੌਰ ਦੀ ਜਾਂਚ ਲਈ ‘ਟਰੁੱਥ ਕਮਿਸ਼ਨ’ ਬਣਾਇਆ ਜਾਵੇ। ਵਿਵਾਦਾਂ ਵਿਚ ਘਿਰੀ ‘ਸਤਲੁਜ’ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਅਤੇ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਹੇ ਦੋਸ਼ੀ ਡੀ.ਐੱਸ.ਪੀ.ਨੂੰ ਜਲਦ ਤੋਂ ਜਲਦ ਲੱਭ ਕੇ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਧਾਨ ਗੁਰਜਿੰਦਰ ਸਿੰਘ ਗਰੇਵਾਲ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਵਰਕਰਾਂ, ਅਹੁਦੇਦਾਰਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਥਕ ਹਿਤਾਂ ਅਤੇ ਪੰਜਾਬ ਦੇ ਮਸਲਿਆਂ ਦੀ ਆਵਾਜ਼ ਬੁਲੰਦ ਕਰਨ ਲਈ ਮੰਗਲਵਾਰ ਸਵੇਰੇ 10 ਵਜੇ ਸਮੇਂ ਸਿਰ ਜ਼ਿਲ੍ਹਾ ਹੈੱਡ ਕੁਆਰਟਰ ਫ਼ਾਜ਼ਿਲਕਾ ਵਿਖੇ ਪਹੁੰਚਣ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਮੇਤ 5 ਪੰਥਕ ਜਥੇਬੰਦੀਆਂ 14 ਜੁਲਾਈ ਨੂੰ ਫ਼ਾਜ਼ਿਲਕਾ ਵਿਖੇ ਮੰਗ ਪੱਤਰ ਦੇਣਗੀਆਂ
ਅਜੀਤ ਡੈਸਕ
13-07-2026