ਮੰਡੀ ਲਾਧੂਕਾ, 13 ਜੁਲਾਈ (ਰਾਕੇਸ਼ ਛਾਬੜਾ)-ਰੇਲ ਲਿੰਕ ਤੋਂ ਸੱਖਣੇ ਧਾਰਮਿਕ ਸਥਾਨਾਂ ਨੂੰ ਰੇਲ ਸਹੁਲਤ ਨਾਲ ਜੋੜਨ ਦੀ ਮੰਗ ਕੀਤੀ ਗਈ ਹੈ। ਨਾਰਦਨ ਰੇਲਵੇਂ ਯਾਤਰੀ ਸੰਮਤੀ ਦੇ ਜ਼ੋਨ ਆਗੂ ਭਗਵਾਨ ਦਾਸ ਇਟਕਾਨ ਨੇ ਭਾਰਤ ਸਰਕਾਰ ਦੇ ਰੇਲ ਵਿਭਾਗ ਨੂੰ ਪੱਤਰ ਲਿਖ ਕੇ ਮਾਤਾ ਨੈਣਾ ਦੇਵੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਰੇਲ ਲਿੰਕ ਦੇ ਨਾਲ ਜੋੜਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਇਨ੍ਹਾਂ ਦੋਵੇ ਧਾਰਮਿਕ ਸਥਾਨਾਂ ਨੂੰ ਦੇਸ਼ ਦੀ ਅਜਾਦੀ ਦੇ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਰੇਲ ਲਿੰਕ ਦੇ ਨਾਲ ਨਹੀ ਜੋੜਿਆ ਗਿਆ ਹੈ। ਜਦੋਂ ਕਿ ਇਸ ਰੂਟ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਰ ਸਾਲ ਪਹੁੰਚਦੇ ਹਨ। ਉਨ੍ਹਾਂ ਨੇ ਕਿਹਾ ਹੈ ਜੇਕਰ ਭਾਰਤ ਸਰਕਾਰ ਦਾ ਰੇਲ ਵਿਭਾਗ ਇਨ੍ਹਾਂ ਧਾਰਮਿਕ ਸਥਾਨਾਂ ਨੂੰ ਰੇਲ ਲਿੰਕ ਦੇ ਨਾਲ ਜੋੜ ਦਿੰਦਾ ਹੈ ਤਾਂ ਵੱਡੀ ਗਿਣਤੀ ਵਿਚ ਲੋਕਾਂ ਦੀ ਧਾਰਮਿਕ ਯਾਤਰਾ ਅਸਾਨ ਅਤੇ ਸਸਤੀ ਹੋ ਜਾਵੇਗੀ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸ਼੍ਰੀ ਗੰਗਾਨਗਰ-ਜਾਖਲ-ਟੋਹਾਣਾ, ਪਾਤੜਾਂ ਸਮਾਣਾ, ਰਾਜ ਪੁਰਾ ਚੰਡੀਗੜ੍ਹ ਮਾਤਾ ਨੈਣਾ ਦੇਵੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਰੇਲ ਲਿੰਕ ਨਾਲ ਜੋੜੇ ਜਾਣ ਦੀ ਮੰਗ ਕੀਤੀ ਹੈ।