ਜ਼ੀਰਾ, 14 ਜੁਲਾਈ (ਰਜਨੀਸ਼ ਕਥੂਰੀਆ)- ਸਮਾਧੀ ਸਵਾਮੀ ਸ਼ੰਕਰਾ ਪੁਰੀ ਮਹਾਰਾਜ ਜ਼ੀਰਾ ਵਿਖੇ 22 ਜੁਲਾਈ ਤੋਂ 29 ਜੁਲਾਈ 2026 ਤੱਕ ਮੇਲਾ ਵਿਆਸ ਪੂਜਾ ਅਤੇ ਸ਼੍ਰੀਮਦ ਭਾਗਵਤ ਮਹਾਂਪੁਰਾਣ ਕਥਾ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਪਾਵਨ ਸਮਾਗਮ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਸ੍ਰੀ ਕਮਲਪੁਰੀ ਮਹਾਰਾਜ ਅਤੇ ਮਹਾਂ ਮੰਡਲੇਸ਼ਵਰ ਸਵਾਮੀ ਸ੍ਰੀ ਲਕਸ਼ਮਣਪੁਰੀ ਮਹਾਰਾਜ ਦੀ ਪਾਵਨ ਅਗਵਾਈ ਅਤੇ ਅਧਿਆਤਮਿਕ ਰਹਿਨੁਮਾਈ ਹੇਠ ਕਰਵਾਇਆ ਜਾਵੇਗਾ। ਇਸ ਸਮਾਗਮ ਸਬੰਧੀ ਪ੍ਰਮੁੱਖ ਸਮਾਜ ਸੇਵੀ ਅਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਸੁਖਦੇਵ ਬਿੱਟੂ ਵਿੱਜ ਨੇ ਸਵਾਮੀ ਸ੍ਰੀ ਕਮਲ ਪੁਰੀ ਮਹਾਰਾਜ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਹੋਣ ਵਾਲੇ ਧਾਰਮਿਕ ਸਮਾਗਮਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਸੰਤਾਂ ਮਹਾਤਮਾਵਾਂ ਦੀ ਸੰਗਤ ਅਤੇ ਧਾਰਮਿਕ ਸਮਾਗਮ ਮਨੁੱਖ ਨੂੰ ਰੂਹਾਨੀ ਸਕੂਨ ਪ੍ਰਦਾਨ ਕਰਨ ਦੇ ਨਾਲ-ਨਾਲ ਸੇਵਾ, ਸਦਭਾਵਨਾ ਅਤੇ ਇਨਸਾਨੀਅਤ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ।