ਫ਼ਿਰੋਜ਼ਪੁਰ, 14 ਜੁਲਾਈ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ਦੇ 13 ਵਿਦਿਆਰਥੀਆਂ ਨੇ ਮੋਹਾਲੀ ਵਿਖੇ ਹੋਈ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰੀ-ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਕੇ ਸਕੂਲ ਅਤੇ ਫ਼ਿਰੋਜ਼ਪੁਰ ਦਾ ਮਾਣ ਵਧਾਇਆ ਹੈ। ਸਕੂਲ ਦੇ ਡਾਇਰੈਕਟਰ ਡਾ.ਐਸ. ਐਨ. ਰੁਦਰਾ ਨੇ ਇਸ ਉਪਲਬਧੀ ’ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸ਼ੂਟਿੰਗ ਕੋਚ ਦਰਸ਼ਨ ਸਿੰਘ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰੀ-ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨਾ ਵਿਦਿਆਰਥੀਆਂ ਦੀ ਲਗਨ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਵਿਸ਼ਵ ਪੱਧਰੀ ਸਹੂਲਤਾਂ ਅਤੇ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਕੁਆਲੀਫਾਈ ਕਰਨ ਵਾਲੇ ਨਿਸ਼ਾਨੇਬਾਜ਼ਾਂ ਵਿਚ ਸਨਮਦੀਪ ਸਿੰਘ, ਜਸ਼ਨਪ੍ਰੀਤ ਕੌਰ, ਤਜਿੰਦਰ ਸਿੰਘ, ਗੁਰਨੂਰ ਸਿੰਘ, ਹਰਲੀਨ ਕੌਰ, ਚਹਿਲਪ੍ਰੀਤ ਸਿੰਘ, ਅਲਫ਼ਾਜ਼ਦੀਪ ਸਿੰਘ, ਅਭੈਜੋਤ ਸਿੰਘ, ਅਜੈਦੀਪ ਸਿੰਘ, ਲਵਿਸ਼ ਸੰਧੂ, ਹਰਮਨਜੀਤ ਸਿੰਘ, ਨਵਰੋਜ਼ ਸਿੰਘ ਅਤੇ ਹਰਮਨਪ੍ਰੀਤ ਸ਼ਾਮਲ ਹਨ। ਇਹ ਸਾਰੇ ਨਿਸ਼ਾਨੇਬਾਜ਼ ਹੁਣ 14 ਤੋਂ 30 ਅਗਸਤ 2026 ਤੱਕ ਦੇਹਰਾਦੂਨ (ਉੱਤਰਾਖੰਡ) ਦੇ ਰਾਏਪੁਰ ਵਿਖੇ ਹੋਣ ਵਾਲੀ 45ਵੀਂ ਨੌਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੇ। ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੁਆਲੀਫਾਈ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਦੀ ਕਾਮਨਾ ਕੀਤੀ।