ਫ਼ਾਜ਼ਿਲਕਾ, 16 ਜੁਲਾਈ (ਦਵਿੰਦਰ ਪਾਲ ਸਿੰਘ)-ਐੱਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਐਨ.ਸੀ.ਸੀ.ਕੈਡਟਾਂ ਵਲੋਂ ਭਾਰਤ 1947 ਤੋਂ 2047 ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਿਤ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਸੂਬੇਦਾਰ ਰਣਬੀਰ ਸਿੰਘ, ਲੈਫ਼ਟੀਨੈਂਟ ਰਾਮ ਸਿੰਘ ਅਤੇ ਸੀ.ਟੀ.ਓ.ਮਮਤਾ ਗਰੋਵਰ ਵਲੋਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਗੁਰਮਿੰਦਰ ਕੌਰ ਬਰਾੜ ਅਤੇ ਸੁਪਰਡੈਂਟ ਸੋਨੂੰ ਕਟਾਰੀਆ ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਕੀਤਾ ਗਿਆ। ਇਸ ਮੌਕੇ ਐਨ.ਸੀ.ਸੀ.ਕੈਡਟਾਂ ਵਲੋਂ ‘ਵਿਕਸਿਤ ਭਾਰਤ 2047’ ਦੇ ਮੁੱਖ ਉਦੇਸ਼ਾਂ, ਰਾਸ਼ਟਰੀ ਭਾਵਨਾ, ਦੇਸ਼ ਸੇਵਾ ਅਤੇ ਅਨੁਸ਼ਾਸਨ ਦਾ ਮਹੱਤਵਪੂਰਨ ਸੰਦੇਸ਼ ਦਿੱਤਾ ਗਿਆ। ਪ੍ਰੋਗਰਾਮ ਦੌਰਾਨ ਕੈਡਟਾਂ ਵਲੋਂ ਜਿੱਥੇ ਦੇਸ਼ ਦੇ ਵਿਕਾਸ ਅਤੇ ਏ.ਆਈ. ਦੀ ਭੂਮਿਕਾ ’ਤੇ ਪ੍ਰਭਾਵਸ਼ਾਲੀ ਲੈਕਚਰ ਦਿੱਤੇ ਗਏ, ਉੱਥੇ ਹੀ ਕੁੱਝ ਕੈਡਟਾਂ ਵਲੋਂ ਸੁੰਦਰ ਚਾਰਟ ਬਣਾਏ ਗਏ ਅਤੇ ਸਾਰਿਆਂ ਨੇ ਇਸ ਵਿਸ਼ੇ ’ਤੇ ਖੋਜ ਭਰਪੂਰ ਲੇਖ ਵੀ ਲਿਖੇ। ਪ੍ਰੋਗਰਾਮ ਵਿਚ ਸ਼ਾਮਲ ਸਾਰੇ ਕੈਡਟਾਂ ਨੇ ਬੜੇ ਉਤਸ਼ਾਹ ਅਤੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਦੇਸ਼ ਦੇ ਨਿਰਮਾਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦਾ ਪਵਿੱਤਰ ਪ੍ਰਣ ਲਿਆ।