ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਵਲੋਂ ਫ਼ਾਜ਼ਿਲਕਾ ਵਿਖੇ 17 ਜੁਲਾਈ 2020 ਦੇ ਨਵੇਂ ਸਕੇਲਾਂ ਸਬੰਧੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾਂ ਉੱਪਰ ਪੰਜਾਬ ਸਕੇਲ ਰੱਦ ਕਰਕੇ ਅਧੂਰਾ ਕੇਂਦਰੀ ਪੇਅ ਸਕੇਲ ਥੋਪਿਆ ਗਿਆ ਸੀ, ਜਿਸ ਨਾਲ ਨਵੇਂ ਭਰਤੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਵੱਡਾ ਕੱਟ ਲੱਗਿਆ। ਮੁਲਾਜ਼ਮਾਂ ਨੇ ਮੌਜੂਦਾ ‘ਆਪ’ ਸਰਕਾਰ ’ਤੇ ਵੀ ਵਾਅਦਾਖ਼ਿਲਾਫ਼ੀ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਹਾਮੀ ਭਰਨ ਵਾਲੀ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਇਸ ਤੋਂ ਕਿਨਾਰਾ ਕਰ ਚੁੱਕੀ ਹੈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਰੈਲੀ ਵਿਚ ਮੋਰਚੇ ਦੇ ਬੈਨਰ ਹੇਠ ਵੱਡੀ ਗਿਣਤੀ ਵਿਚ ਹਿੱਸਾ ਲਿਆ ਜਾਵੇਗਾ। ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ, ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਦੀ ਸੂਬਾ ਆਗੂ ਬਿਮਲਾ ਦੇਵੀ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਜ਼ਿਲ੍ਹਾ ਕਨਵੀਨਰ ਜਗਦੀਸ਼ ਸੱਪਾਂ ਵਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਮੌਜੂਦਾ ਸਰਕਾਰ ਮਹਿੰਗਾਈ ਭੱਤਾ ਦੇਣ ਤੋਂ ਵੀ ਆਨਾਕਾਨੀ ਕਰ ਰਹੀ ਹੈ, ਜਿਸ ਕਾਰਨ ਪੈਂਡਿੰਗ ਡੀ.ਏ. 18% ਤੱਕ ਪਹੁੰਚ ਗਿਆ ਹੈ। ਪੇਂਡੂ ਤੇ ਬਾਰਡਰ ਇਲਾਕਾ ਭੱਤੇ ਬਹਾਲ ਨਹੀਂ ਕੀਤੇ ਗਏ ਅਤੇ ਨਾ ਹੀ ਕੰਪਿਊਟਰ ਅਧਿਆਪਕਾਂ, ਐਸੋਸੀਏਟ ਟੀਚਰਾਂ ਸਣੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ। ਮਿਡ ਡੇਅ ਮੀਲ ਅਤੇ ਆਸ਼ਾ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਵੀ ਖੋਖਲਾ ਸਾਬਤ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ 17/07/2020 ਦੇ ਮੁਲਾਜ਼ਮ ਵਿਰੋਧੀ ਪੱਤਰ ਨੂੰ ਤੁਰੰਤ ਰੱਦ ਕੀਤਾ ਜਾਵੇ, ਛੇਵੇਂ ਪੰਜਾਬ ਤਨਖ਼ਾਹ ਸਕੇਲ ਸਮੇਤ 15 ਪ੍ਰਤੀਸ਼ਤ ਵਾਧੇ ਅਨੁਸਾਰ ਤਨਖ਼ਾਹ ਫਿਕਸ ਕੀਤੀ ਜਾਵੇ, ਸਾਲ 2018 ਤੋਂ ਜਬਰੀ ਤਨਖ਼ਾਹ ਕਟੌਤੀ ਦਾ ਸ਼ਿਕਾਰ ਹੋਏ 1007 ਨਾਨ-ਟੀਚਿੰਗ ਕਰਮਚਾਰੀਆਂ ਦੇ ਪੈਂਡਿੰਗ ਵਿੱਤੀ ਲਾਭ ਬਹਾਲ ਹੋਣ। ਪੁਰਾਣੀ ਪੈਨਸ਼ਨ ਬਹਾਲੀ ਲਈ ਐੱਸ.ਓ.ਪੀ. ਜਾਰੀ ਕਰਕੇ ਐਨ.ਪੀ.ਐੱਸ. ਮੁਲਾਜ਼ਮਾਂ ਦੇ ਜੀ.ਪੀ.ਐੱਫ. ਖਾਤੇ ਖੋਲ੍ਹੇ ਜਾਣ। ਮਿਡ ਡੇਅ ਮੀਲ ਵਰਕਰਾਂ ਲਈ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ ਨੂੰ ਗੁਰਵਿੰਦਰ ਸਿੰਘ, ਕੁਲਜੀਤ ਡੰਗਰ, ਸੁਖਮੰਦਰ ਸਿੰਘ, ਭਾਰਤ ਭੂਸ਼ਨ, ਕਮਲਜੀਤ ਮੁਹਾਰ ਸੋਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਜਿੰਦਰ ਗਰੇਵਾਲ, ਪ੍ਰੇਮ ਕੰਬੋਜ, ਅਮਰ ਲਾਲ, ਬੱਗਾ ਸਿੰਘ, ਹਰੀਸ਼ ਕੁਮਾਰ, ਅਮਨਦੀਪ, ਸਾਹਿਲ ਸੁਖੀਜਾ, ਅਸ਼ਵਨੀ ਸਹਿਗਲ, ਸੰਜੀਵ ਅੰਗੀ, ਸੁਨੀਤਾ ਰਾਣੀ, ਕੁਲਵਿੰਦਰ ਕੌਰ, ਜਾਗੀਰ ਕੌਰ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।