ਫ਼ਾਜ਼ਿਲਕਾ, 17 ਜੁਲਾਈ (ਅਮਰਜੀਤ ਸ਼ਰਮਾ)-ਸੰਯੁਕਤ ਕਰਮਚਾਰੀ ਮੰਚ ਪੰਜਾਬ ਅਤੇ ਕਰਮਚਾਰੀ-ਪੈਨਸ਼ਨਰਜ਼ ਸੰਯੁਕਤ ਫ਼ਰੰਟ ਦੇ ਸੱਦੇ ’ਤੇ ਗਠਿਤ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਫ਼ਾਜ਼ਿਲਕਾ ਦੇ ਬੈਨਰ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ 17 ਜੁਲਾਈ 2020 ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਫ਼ੂਕ ਕੇ ਆਪਣਾ ਗ਼ੁੱਸਾ ਜ਼ਾਹਿਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਸੂਬਾ ਪੱਧਰੀ ਮਹਾ ਰੈਲੀ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਸੈਂਕੜੇ ਮੁਲਾਜ਼ਮ, ਪੈਨਸ਼ਨਰ ਅਤੇ ਆਊਟ ਸੋਰਸ ਕਰਮਚਾਰੀ ਕਾਫ਼ਲਿਆਂ ਦੇ ਰੂਪ ਵਿਚ ਸ਼ਾਮਲ ਹੋਣਗੇ। ਇਸ ਰੈਲੀ ਦੀ ਪ੍ਰਧਾਨਗੀ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਹਰਭਜਨ ਸਿੰਘ ਖੁੰਗਰ, ਪਾਵਰ ਕਾਮ ਪੈਨਸ਼ਨਰ ਆਗੂ ਬਲਰਾਮ, ਟਹਿਲ ਸਿੰਘ ਸੈਣੀ, ਸੁਨੀਲ ਕੁਮਾਰ, ਦਲਜੀਤ ਸਿੰਘ ਸਭਰਵਾਲ, ਗੁਰਮੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ, ਜਦਕਿ ਸਟੇਜ ਸੰਚਾਲਨ ਸੁਖਦੇਵ ਚੰਦ ਕੰਬੋਜ ਵਲੋਂ ਬਾਖ਼ੂਬੀ ਨਿਭਾਇਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਚਾਵਲਾ, ਅਸ਼ੋਕ ਕੁਮਾਰ, ਸ਼ਮੀਰ ਕੰਬੋਜ, ਰਵਿੰਦਰ ਪਾਲ ਸਿੰਘ, ਪ੍ਰੇਮ ਕੁਮਾਰ, ਰਾਜ ਕੰਵਰ ਦੀਵਾਨ, ਹਰੀਸ਼ ਚੰਦਰ ਕੰਬੋਜ, ਦੁਪਿੰਦਰ ਢਿੱਲੋਂ, ਦੁਨੀ ਚੰਦ ਬਤਰਾ (ਜਲਾਲਾਬਾਦ), ਪਰਮਜੀਤ ਸ਼ੋਰੇਵਾਲਾ, ਵਿਨੋਦ ਕੁਮਾਰ, ਸੁਖਜਿੰਦਰ ਸਿੰਘ, ਸਤਨਾਮ ਚੰਦ ਕੰਬੋਜ, ਅਮਨ ਬਰਾੜ, ਜਸਵਿੰਦਰ ਸਿੰਘ, ਬਲਤੇਜ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਕੌਰ, ਸੀਮਾ ਰਾਣੀ, ਰਾਬੀਆ, ਅਨੀਤਾ ਰਾਣੀ, ਸੁਮਿਤ ਜਿੰਦਲ, ਸੁਰਿੰਦਰ ਪਾਲ ਮਦਾਨ, ਸੁਖਦੇਵ ਮਸੀਹ, ਗੁਰਨਾਮ ਸਿੰਘ ਅਤੇ ਜੀਤ ਸਿੰਘ ਛਾਬੜਾ ਸਮੇਤ ਕਈ ਹੋਰ ਆਗੂਆਂ ਨੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਰੈਲੀ ਦੌਰਾਨ ਇੱਕ ਮਤਾ ਪਾਸ ਕਰਕੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਪੂਰਨ ਸਮਰਥਨ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੰਗਾਂ ਜਲਦ ਮੰਨਣ ਦੀ ਅਪੀਲ ਕੀਤੀ ਗਈ। ਅਖੀਰ ਵਿਚ ਜ਼ਿਲ੍ਹਾ ਕਨਵੀਨਰਾਂ ਨੇ ਮੁਲਾਜ਼ਮਾਂ ਨੂੰ 7 ਅਗਸਤ ਦੀ ਚੰਡੀਗੜ੍ਹ ਰੈਲੀ ਦੀਆਂ ਤਿਆਰੀਆਂ ਵਿਚ ਜੁਟਣ ਦਾ ਸੱਦਾ ਦਿੱਤਾ।