ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਹਲਕੇ ਦੇ ਆਗੂਆਂ ਨੂੰ ਵਧਾਈ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਫ਼ਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ਼ਿਵ ਲਾਲ ਜਜੋਰੀਆ ਨੂੰ ‘ਦਲਿਤ ਵਿਕਾਸ ਬੋਰਡ’ ਦਾ ਚੇਅਰਮੈਨ ਅਤੇ ਪਿੰਡ ਰੂਪਨਗਰ ਤੋਂ ਰਾਏ ਸਾਹਿਬ ਨੂੰ ‘ਸੈਨ ਸਮਾਜ ਕਲਿਆਣ ਬੋਰਡ’ ਹਲਕਾ ਫ਼ਾਜ਼ਿਲਕਾ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਵਿਧਾਇਕ ਸਵਨਾ ਨੇ ਖ਼ੁਸ਼ੀ ਸਾਂਝੀ ਕੀਤੀ। ਨਵ-ਨਿਯੁਕਤ ਚੇਅਰਮੈਨਾਂ ਨੂੰ ਮੁਬਾਰਕਬਾਦ ਦਿੰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਉਮੀਦ ਜਤਾਈ ਕਿ ਦੋਵੇਂ ਆਗੂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਮੇਸ਼ਾ ਮੋਹਰੀ ਹੋ ਕੇ ਸਾਥ ਦੇਣਗੇ। ਵਿਧਾਇਕ ਸਵਨਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਬਿਨਾਂ ਕਿਸੇ ਪੱਖਪਾਤ ਅਤੇ ਭੇਦਭਾਵ ਦੇ, ਦਿਨ-ਰਾਤ ਮਿਹਨਤ ਅਤੇ ਸੇਵਾ ਕਰਨ ਵਾਲੇ ਵਰਕਰਾਂ ਅਤੇ ਆਗੂਆਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸੇ ਤਹਿਤ ਹੀ ਪਿੰਡਾਂ ਅਤੇ ਸ਼ਹਿਰਾਂ ਵਿਚ ਬਿਨਾਂ ਰੁਕਾਵਟ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।