ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਰਾਈ ਡੇ ਫਰਾਈ ਡੇ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਐਂਟੀ ਡੇਂਗੂ ਲਾਰਵਾ ਟੀਮਾਂ ਵਲੋਂ ਵਿਸ਼ੇਸ਼ ਗਤੀਵਿਧੀਆਂ ਚਲਾਈਆਂ ਗਈਆਂ। ਇਸ ਮੁਹਿੰਮ ਦਾ ਮੁੱਖ ਉਦੇਸ਼ ਬਰਸਾਤ ਦੇ ਮੌਸਮ ਤੋਂ ਬਾਅਦ ਡੇਂਗੂ ਬੁਖ਼ਾਰ ਦੀ ਰੋਕਥਾਮ ਕਰਨਾ ਅਤੇ ਲੋਕਾਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਘਰ-ਘਰ ਜਾ ਕੇ ਪਾਣੀ ਵਾਲੇ ਬਰਤਨਾਂ ਦੀ ਜਾਂਚ ਕੀਤੀ। ਜਿੱਥੇ ਵੀ ਡੇਂਗੂ ਮੱਛਰ ਦਾ ਲਾਰਵਾ ਮਿਲਿਆ, ਉਸ ਨੂੰ ਤੁਰੰਤ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਐਂਟੀ ਡੇਂਗੂ ਟੀਮਾਂ ਵਲੋਂ ਡੀ.ਸੀ. ਦਫ਼ਤਰ, ਪੁਲਿਸ ਲਾਈਨ, ਐੱਸ.ਡੀ.ਐਮ. ਦਫ਼ਤਰ, ਸਰਕਾਰੀ ਜ਼ਿਲ੍ਹਾ ਹਸਪਤਾਲ, ਚੰਦਰਾਵਤੀ ਹਸਪਤਾਲ ਅਤੇ ਹੋਰ ਸਰਕਾਰੀ ਦਫ਼ਤਰਾਂ ਅਤੇ ਨਿੱਜੀ ਹਸਪਤਾਲਾਂ ਵਿਚ ਵੀ ਜਾਗਰੂਕਤਾ ਮੁਹਿੰਮ ਚਲਾਈ ਗਈ। ਡਾ.ਸੁਨੀਤਾ ਕੰਬੋਜ ਅਤੇ ਡਾ. ਕਰਮਬੀਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ। ਇਸ ਮੁਹਿੰਮ ਦੌਰਾਨ ਮਾਸ ਮੀਡੀਆ ਸ਼ਾਖਾ ਤੋਂ ਦਿਵੇਸ਼ ਕੁਮਾਰ, ਵਿਕੀ ਕੁਮਾਰ, ਸਵਰਨ ਸਿੰਘ, ਮਨਜੋਤ ਸਿੰਘ, ਮੋਹਿਤ ਗੁਪਤਾ, ਦੀਪਕ ਸ਼ਰਮਾ, ਸੋਨੂੰ, ਜਤਿੰਦਰ ਕੁਮਾਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ।