ਅਬੋਹਰ, 19 ਜੁਲਾਈ (ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਗਿੱਦੜਾਂ ਵਾਲੀ ਵਿਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਨੌਜਵਾਨ ਨੂੰ ਉਸ ਦੇ ਗੁਆਂਢੀ ਖੇਤ ਮਾਲਕ ਵਲੋਂ ਪਿਸਤੌਲ ਨਾਲ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰਨ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਨੇ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਈ, ਜਿਸ ਨੂੰ ਉਸ ਦੇ ਦੋਸਤ ਨੇ ਮੋਟਰਸਾਈਕਲ ਰਾਹੀਂ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮਾਮਲੇ ਦੀ ਜਾਂਚ ਵਿਚ ਜੁੱਟ ਗਏ ਹਨ। ਹਸਪਤਾਲ ਵਿਚ ਜ਼ੇਰੇ-ਇਲਾਜ ਜਸ਼ਨਦੀਪ ਸਿੰਘ (25) ਪੁੱਤਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਗੁਆਂਢੀ ਖੇਤ ਮਾਲਕ ਨਾਲ 3 ਕਿੱਲੇ ਜ਼ਮੀਨ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਹੈ, ਜਿਸ ਦਾ ਕੇਸ ਅਦਾਲਤ ਵਿਚ ਵੀ ਵਿਚਾਰ ਅਧੀਨ ਹੈ। ਪਰ ਉਕਤ ਗੁਆਂਢੀ ਖੇਤ ਮਾਲਕ ਕੁੱਝ ਸਿਆਸੀ ਰਸੂਖਦਾਰ ਲੋਕਾਂ ਦੀ ਸ਼ਹਿ ’ਤੇ ਉਨ੍ਹਾਂ ਦੀ ਜ਼ਮੀਨ ’ਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦਾ ਹੈ। ਪੀੜਤ ਜਸ਼ਨਦੀਪ ਅਨੁਸਾਰ ਜਦੋਂ ਉਹ ਆਪਣੇ ਭਰਾ ਨਾਲ ਖੇਤ ਵਿਚ ਗਿਆ ਹੋਇਆ ਸੀ ਤਾਂ ਉਕਤ ਗੁਆਂਢੀ ਜ਼ਬਰਦਸਤੀ ਉਨ੍ਹਾਂ ਦੇ ਖੇਤ ਵੜ ਆਇਆ ਅਤੇ ਧੱਕਾ-ਮੁੱਕੀ ਕਰਨ ਲੱਗਾ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਆਪਣੀ 32 ਬੋਰ ਦੀ ਪਿਸਤੌਲ ਨਾਲ ਸਿੱਧੀ ਉਸ ਦੇ ਗੁਪਤ ਅੰਗ ’ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਉਹ ਲਹੂ-ਲੁਹਾਨ ਹੋ ਕੇ ਡਿਗ ਪਿਆ, ਜਦ ਕਿ ਉਸ ਦੇ ਭਰਾ ਨੇ ਭੱਜ ਕੇ ਜਾਨ ਬਚਾਈ। ਜਸ਼ਨਦੀਪ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਜਦੋਂ ਲੋਕ ਇਕੱਠੇ ਹੋਏ ਤਾਂ ਉਹ ਕਿਸੇ ਤਰ੍ਹਾਂ ਉੱਥੋਂ ਨਿਕਲਿਆ ਅਤੇ ਆਪਣੇ ਦੋਸਤ ਪਰਮਜੀਤ ਨੂੰ ਫ਼ੋਨ ਕੀਤਾ, ਜਿਸ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਮੁਤਾਬਿਕ ਨੌਜਵਾਨ ਦੀ ਹਾਲਤ ਕਾਫ਼ੀ ਗੰਭੀਰ ਹੈ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਐੱਸ.ਪੀ. ਆਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਲਈ ਡੀ.ਐੱਸ.ਪੀ ਹਰੀਸ਼ ਕੁਮਾਰ ਦੀ ਡਿਊਟੀ ਲਗਾਈ ਗਈ ਹੈ। ਘਟਨਾ ਵਿਚ ਕਿੰਨੇ ਲੋਕ ਸ਼ਾਮਲ ਸਨ, ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।